ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਵਿੱਤਰ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲਨਗਰ ਸਾਹਿਬ ਦਾ ਗੈਰ ਸਿੱਖ ਪ੍ਰਸ਼ਾਸਕ ਲਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਇਸਨੂੰ ਵੱਖਰੀ ਸਿੱਖ ਪਛਾਣ ’ਤੇ ਖਤਰਨਾਕ ਸਿਧਾਂਤਕ ਹਮਲਾ ਕਰਾਰ ਦਿੱਤਾ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਹਮਲੇ ਤੇ ਇਸਦੇ ਅੰਦਰੂਨੀ ਧਾਰਮਿਕ ਮਾਮਲਿਆਂ ਵਿਚ ਸਿੱਧਾ ਦਖਲ ਦੇਣ ਦੀ ਨਿਰੰਤਰਤਾ ਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੇ ਵੱਖੋ-ਵੱਖ ਪੱਤਰਾਂ ਵਿਚ ਸੁਖਬੀਰ ਸਿੰਘ ਬਾਦਲ ਨੇ ਇਹ ਫੈਸਲਾ ਤੁਰੰਤ ਬਦਲੇ ਜਾਣ ਅਤੇ ਪੂਰਨ ਗੁਰਸਿੱਖ ਅਫਸਰਸ਼ਾਹਾਂ ਵਿਚੋਂ ਕਿਸੇ ਇਕ ਨੂੰ ਖਾਲਸਾ ਪੰਥ ਦੇ ਸੰਸਥਾਪਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਜੁੜੇ ਤਖਤ ਦਾ ਪ੍ਰਬੰਧਕ ਲਗਾਇਆ ਜਾਵੇ। ਉਹਨਾਂ ਨੇ ਭਾਰਤ ਸਰਕਾਰ ਤੇ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਿੱਖ ਭਾਵਨਾਵਾਂ ਪ੍ਰਤੀ ਵਧੇਰੇ ਸੰਵੇਦਨਸ਼ੀਲਤਾ ਵਿਖਾਉਣ।
ਅਕਾਲੀ ਦਲ ਪ੍ਰਧਾਨ ਨੇ ਸਿੱਖ ਵਿਰੋਧੀ ਤਾਕਤਾਂ ਦੀਆਂ ਬੀਨਾਂ ਵਜਾਉਣ ਵਾਲੇ ਜੋ ਸੱਤਾਧਾਰੀਆਂ ਦੀਆਂ ਕਠਪੁਤਲੀਆਂ ਹਨ ’ਤੇ ਵੀ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਇਹ ਕਠਪੁਤਲੀਆਂ ਗੈਰ ਸਿੱਖਾਂ ਤੇ ਸਿੱਖ ਵਿਰੋਧੀ ਤਾਕਤਾਂ ਖਿਲਾਫ ਸਿਰਫ ਰਸਮੀ ਬਿਆਨਬਾਜ਼ੀ ਕਰਨਗੇ ਪਰ ਇਹ ਆਪਣਾ ਜ਼ਹਿਰ ਤੇ ਸੱਤਾ ਦੀ ਲਾਲਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਬਚਾ ਕੇ ਰੱਖਣਗੇ। ਇਹ ਕਠਪੁਤਲੀਆਂ ਇਹਨਾਂ ਦੇ ਆਕਾਵਾਂ ਵੱਲੋਂ ਦਿੱਤੀ ਸਿੱਖ ਸੰਗਤਾਂ ਵਿੱਚ ਭੰਬਲਭੂਸਾ ਪੈਦਾ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਤੇ ਪੰਥਕ ਸੰਸਥਾਵਾਂ ਖਾਸ ਤੌਰ ’ਤੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਲਈ ਕੰਮ ਕਰਦੀਆਂ ਹਨ।ਇਹ ਆਪਣੇ ਗੈਰ ਸਿੱਖ ਆਕਾਵਾਂ ਵੱਲੋਂ ਸਿੱਖ ਸੰਸਥਾਵਾਂ ਦੀ ਖੁਦਮੁਖ਼ਤਿਆਰੀ ਅਤੇ ਸਿੱਖਾਂ ਦੀ ਸਰਵਉਚ ਤੇ ਚੁਣੀ ਹੋਈ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ ਕਿਉਂਕਿ ਉਹੀ ਇਹਨਾਂ ਦਾ ਮੁੱਖ ਟੀਚਾ ਹੈ। ਉਹਨਾਂ ਕਿਹਾ ਕਿ ਇਸ ਤੋਂ ਵੱਧ ਕੇ ਇਹਨਾਂ ਨੂੰ ਲੁੱਟ ਦੇ ਮਾਲ ਵਿਚੋਂ ਹਿੱਸਾ ਦੇਣ ਦੇ ਇਕਰਾਰ ਕੀਤੇ ਗਏ ਹਨ ਕਿਉਂਕਿ ਇਹਨਾਂ ਦੇ ਆਕਾ ਸਾਡੇ ਗੁਰਧਾਮਾਂ ਨੂੰ ਇਸੇ ਨਜ਼ਰ ਨਾਲ ਵੇਖਦੇ ਹਨ ਜਦੋਂ ਕਿ ਸਿੱਖ ਸੰਗਤਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਲਈ ਪੂਰਨ ਸਮਰਪਣ ਨਾਲ ਸੇਵਾ ਕਰਨਾ ਸਭ ਤੋਂ ਉਪਰ ਹੈ।ਉਹਨਾਂ ਕਿਹਾ ਕਿ ਸਿੱਖ ਸੰਗਤਾਂ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਇਹਨਾਂ ਸਾਜ਼ਿਸ਼ਾਂ ਨੂੰ ਕਦੇ ਸਫਲ ਨਹੀਂ ਹੋਣ ਦੇਣਗੀਆਂ। ਉਹਨਾਂ ਕਿਹਾ ਕਿ ਇਹ ਫੈਸਲਾ ਪਹਿਲਾਂ ਹੀ ਡੂੰਘੇ ਜ਼ਖ਼ਮ ਝੱਲ ਰਹੇ ਖਾਲਸਾ ਪੰਥ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਲਈ ਹੈ। ਕੀ ਇਹਨਾਂ ਨੂੰ ਦੇਸ਼ ਪਰ ਵਿਚ ਇਕ ਵੀ ਸਿੱਖ ਨਹੀਂ ਮਿਲਿਆ ਜੋ ਸਰਦਾਰ ਪਰਵਿੰਦਰ ਸਿੰਘ ਪਸਰੀਚਾ ਦੀ ਥਾਂ ਲਾਇਆ ਜਾ ਸਕਦਾ? ਜੇਕਰ ਉਹਨਾਂ ਨੂੰ ਬਦਲਣਾ ਜ਼ਰੂਰੀ ਸੀ।ਉਹਨਾਂ ਕਿਹਾ ਕਿ ਕੀ ਸਰਕਾਰ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਸਿੱਖ ਆਪਣੇ ਧਾਰਮਿਕ ਮਾਮਲਿਆਂ ਨੂੰ ਨਹੀਂ ਚਲਾ ਸਕਦੇ ਤੇ ਸਰਕਾਰ ਹਮੇਸ਼ਾ ਸਾਡੇ ਪਵਿੱਤਰ ਧਾਰਮਿਕ ਮਾਮਲਿਆਂ ਵਿਚ ਇਸੇ ਤਰੀਕੇ ਧੱਕੇ ਨਾਲ ਤੇ ਅਸੰਵੇਦਨਸ਼ੀਲਤਾ ਨਾਲ ਦਖਲ ਦਿੰਦੀ ਰਹੇਗੀ? ਇਸ ਖਤਰਨਾਕ ਕਦਮ ਨਾਲ ਸ਼੍ਰੋਮਣੀ ਕਮੇਟੀ ਦੇ ਅਕਸ ਤੇ ਖੁਦਮੁਖ਼ਤਿਆਰੀ ’ਤੇ ਹਮਲੇ ਪਿੱਛਲੀ ਸਾਜ਼ਿਸ਼ ਬੇਨਕਾਬ ਹੋ ਗਈ ਹੈ। ਉਹਨਾਂ ਕਿਹਾ ਕਿ ਸਿੱਖ ਫਲਸਫੇ ਤੇ ਗੁਰਸਿੱਖੀ ਰਵਾਇਤਾਂ ’ਤੇ ਵੱਡੀ ਪੱਧਰ ’ਤੇ ਹਮਲਾ ਸਿੱਖ ਸੰਸਥਾਵਾਂ ਖਾਸ ਤੌਰ ’ਤੇ ਸ਼੍ਰੋਮਣੀ ਕਮੇਟੀ ’ਤੇ ਹਮਲਾ ਕਰ ਕੇ ਕੀਤਾ ਜਾ ਰਿਹਾ ਹੈ।