ਲੁਧਿਆਣਾ : ਮਹਾਨਗਰ ’ਚ ਡੇਂਗੂ ਦੇ ਮਰੀਜ਼ਾਂ ਦਾ ਸਾਹਮਣੇ ਆਉਣਾ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਸਿਹਤ ਵਿਭਾਗ ਵਲੋਂ 8 ਮਰੀਜ਼ਾਂ ’ਚ ਡੇਂਗੂ ਦੀ ਪੁਸ਼ਟੀ ਕੀਤੀ ਗਈ। ਇਨ੍ਹਾਂ ਮਰੀਜ਼ਾਂ ’ਚੋਂ ਦੋ ਸ਼ਹਿਰੀ ਇਲਾਕਿਆਂ ਰਿਸ਼ੀ ਨਗਰ ਅਤੇ ਸਲੇਮ ਟਾਬਰੀ ਦੇ ਰਹਿਣ ਵਾਲੇ ਹਨ, ਜਦੋਂ ਕਿ 6 ਪਿੰਡਾਂ ਦੇ ਮਰੀਜ਼ਾਂ ’ਚੋਂ ਪੱਖੋਵਾਲ ਅਤੇ ਇਕ-ਇਕ ਕੂੰਮਕਲਾਂ, ਮਲੋਟ ਅਤੇ ਮਾਛੀਵਾੜਾ ਦਾ ਰਹਿਣ ਵਾਲਾ ਹੈ।
ਡਾ. ਰਮੇਸ਼ ਭਗਤ ਨੇ ਦੱਸਿਆ ਕਿ ਵਰਤਮਾਨ ’ਚ ਡੇਂਗੂ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 10 ਹੋ ਗਈ ਹੈ। ਜ਼ਿਆਦਾਤਰ ਮਰੀਜ਼ ਦਯਾਨੰਦ ਹਸਪਤਾਲ ’ਚ ਦਾਖ਼ਲ ਹਨ ਅਤੇ ਦੂਜੇ ਪਾਸੇ ਵਿਭਾਗੀ ਸੂਤਰਾਂ ਅਨੁਸਾਰ ਸ਼ਹਿਰ ਦੇ ਜ਼ਿਆਦਾ ਹਸਪਤਾਲ ਡੇਂਗੂ ਦੀ ਰਿਪੋਰਟ ਨਹੀਂ ਦੇ ਰਹੇ ਹਨ। ਚੰਦ ਹਸਪਤਾਲਾਂ ਦੀ ਪਾਜ਼ੇਟਿਵ ਰਿਪੋਰਟ ਸਿਹਤ ਵਿਭਾਗ ਵਲੋਂ ਦੱਸੇ ਗਏ ਅੰਕੜਿਆਂ ਤੋਂ ਜ਼ਿਆਦਾ ਹੈ। ਜ਼ਿਆਦਾਤਰ ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਜਾ ਰਿਹਾ ਹੈ ਪਰ ਸ਼ੱਕੀ ਮਰੀਜ਼ਾਂ ਦੀ ਗਿਣਤੀ ਕਿੰਨੀ ਹੋਈ ਇਹ ਨਹੀਂ ਦੱਸਿਆ ਜਾ ਰਿਹਾ।
ਮਾਹਿਰਾਂ ਅਨੁਸਾਰ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਨ੍ਹਾਂ ਦਿਨਾਂ ’ਚ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ, ਘਰਾਂ ਅਤੇ ਛੱਤਾਂ ’ਤੇ ਬਾਰਸ਼ ਦਾ ਪਾਣੀ ਇਕੱਠਾ ਨਾ ਹੋਣ ਦੇਣ। ਇਸ ਤੋਂ ਇਲਾਵਾ ਘਰਾਂ ਅਤੇ ਕੂਲਰਾਂ ’ਚੋਂ ਪਾਣੀ ਕੱਢ ਕੇ ਉਨ੍ਹਾਂ ਨੂੰ ਸੁਕਾਉਣਾ ਚਾਹੀਦਾ ਅਤੇ ਮੱਛਰਾਂ ਦੇ ਪ੍ਰਤੀਰੋਧ ਨੂੰ ਮੈਟ ਆਦਿ ਦੀ ਵਰਤੋਂ ਦਿਨ ਵਿਚ ਵੀ ਕਰਨੀ ਚਾਹੀਦੀ ਕਿਉਂਕਿ ਮੱਛਰ ਅਕਸਰ ਦਿਨ ਵਿਚ ਕਟਦਾ ਹੈ।