ਅਮਰੀਕਾ ‘ਚ ਰਹਿੰਦੇ ਸਿੱਖਜ਼ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ 15 ਅਗਸਤ ਨੇੜੇ ਆਉਂਦਿਆਂ ਹੀ ਹਿੱਲਜੁੱਲ ਸ਼ੁਰੂ ਕਰ ਦਿੱਤੀ ਹੈ। ਪੰਨੂ ਨੇ ਸੁਤੰਤਰਤਾ ਦਿਵਸ ‘ਤੇ ਅਮਰੀਕਾ ਤੋਂ ਦਿੱਲੀ ਆ ਰਹੇ ਕਾਂਗਰਸਮੈਨ ਆਰਓ ਖੰਨਾ ਤੇ ਮਿਸ਼ੇਲ ਵਾਟਸ ਨੂੰ ਪੱਤਰ ਲਿਖਿਆ ਹੈ। ਹੁਣ ਪੰਨੂ ਨੇ ਪੰਜਾਬ ਦੇ ਨੌਜਵਾਨਾਂ ਨੂੰ ਸਿਆਸੀ ਸ਼ਰਨ ਦੇਣ ਦਾ ਵਾਅਦਾ ਕੀਤਾ ਹੈ।
ਇਸ ਬਾਰੇ ਜਾਰੀ ਵੀਡੀਓ ਵਿੱਚ ਪੰਨੂ ਦੱਸ ਰਿਹਾ ਹੈ ਕਿ ਉਸ ਨੇ ਅਮਰੀਕੀ ਕਾਂਗਰਸਮੈਨ ਆਰਓ ਖੰਨਾ ਤੇ ਮਿਸ਼ੇਲ ਵਾਟਸ ਨੂੰ ਇੱਕ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਉਸ ਨੇ ਮੰਗ ਕੀਤਾ ਹੈ ਕਿ ਭਾਰਤ ਪਹੁੰਚ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕਰਨ ਕਿ ਉਹ ਖਾਲਿਸਤਾਨ ਦੀ ਆਵਾਜ਼ ਨੂੰ ਕਿਉਂ ਦਬਾਉਣਾ ਚਾਹੁੰਦੇ ਹਨ। ਖਾਲਿਸਤਾਨੀ ਸਮਰਥਕਾਂ ਖਿਲਾਫ ਕਾਰਵਾਈ ਕਿਉਂ ਕੀਤੀ ਜਾ ਰਹੀ ਹੈ।
ਪੰਨੂ ਨੇ ਨੌਜਵਾਨਾਂ ਨੂੰ ਅਮਰੀਕਾ ਵਿੱਚ ਸਿਆਸੀ ਸ਼ਰਨ ਦੇਣ ਦੀ ਗੱਲ ਵੀ ਕਹੀ ਹੈ। ਪੰਨੂ ਦਾ ਕਹਿਣਾ ਹੈ ਕਿ ਜੇਕਰ ਭਾਰਤ ਸਰਕਾਰ ਉਨ੍ਹਾਂ ਵਿਰੁੱਧ ਕੇਸ ਦਰਜ ਕਰਦੀ ਹੈ ਤਾਂ ਅਮਰੀਕਾ-ਯੂਕੇ, ਕੈਨੇਡਾ ਤੇ ਆਸਟ੍ਰੇਲੀਆ ਵਰਗੇ ਦੇਸਾਂ ਵਿੱਚ ਸਿਆਸੀ ਸ਼ਰਨ ਲੈਣ ਦਾ ਇਹ ਪਹਿਲਾ ਕਦਮ ਹੋਵੇਗਾ।