05/18/2024 1:29 PM

ਪਾਰਟੀ ‘ਚ DSP ਸਣੇ ਪੰਜਾਬ ਪੁਲਿਸ ਨੇ ਲਾਏ ਠੁਮਕੇ! ਸਾਰੇ ਅਫ਼ਸਰਾਂ ‘ਤੇ ਐਕਸ਼ਨ

ਅੰਮ੍ਰਿਤਸਰ ‘ਚ ਸੱਟੇਬਾਜ਼ ਦੇ ਇਕ ਦੋਸ਼ੀ ਨਾਲ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਨੱਚਣ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਅੰਮ੍ਰਿਤਸਰ ਦੀ ਸ਼ਹਿਰੀ ਅਤੇ ਦਿਹਾਤੀ ਪੁਲਿਸ ਸ਼ੱਕ ਦੇ ਘੇਰੇ ਵਿੱਚ ਹੈ। ਇਹ ਵੀਡੀਓ ਕੁਝ ਦਿਨ ਪਹਿਲਾਂ ਦਾ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਸਾਰੇ ਅਫ਼ਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ।

ਇਸ ਵੀਡੀਓ ਵਿੱਚ ਦੋ ਡੀਐਸਪੀ ਰੈਂਕ ਦੇ ਅਧਿਕਾਰੀ ਸੰਜੀਵ ਕੁਮਾਰ ਅਤੇ ਪ੍ਰਵੇਸ਼ ਚੋਪੜਾ ਨਜ਼ਰ ਆ ਰਹੇ ਹਨ। ਇਹ ਦੋਵੇਂ ਡੀਐਸਪੀ ਅੰਮ੍ਰਿਤਸਰ ਦਿਹਾਤੀ ਵਿੱਚ ਤਾਇਨਾਤ ਹਨ। ਇਸ ਦੇ ਨਾਲ ਹੀ ਇਸ ਵੀਡੀਓ ਵਿੱਚ ਚਾਰ ਐਸਐਚਓ ਰੈਂਕ ਦੇ ਅਧਿਕਾਰੀ ਧਰਮਿੰਦਰ ਕਲਿਆਣ, ਗੁਰਵਿੰਦਰ ਸਿੰਘ, ਨੀਰਜ ਕੁਮਾਰ ਅਤੇ ਗਗਨਦੀਪ ਸਿੰਘ ਵੀ ਨਜ਼ਰ ਆ ਰਹੇ ਹਨ।

ਇਸ ਵੀਡੀਓ ਵਿੱਚ ਡੀਐਸਪੀ ਸੰਜੀਵ ਕੁਮਾਰ ਗੀਤ ਗਾ ਰਹੇ ਹਨ ਅਤੇ ਪ੍ਰਵੇਸ਼ ਚੋਪੜਾ ਉਨ੍ਹਾਂ ਦੇ ਨਾਲ ਖੜ੍ਹੇ ਹਨ, ਜਦੋਂਕਿ ਸੱਟੇਬਾਜ਼ੀ ਦੇ ਮਾਮਲੇ ਵਿੱਚ ਦੋਸ਼ੀ ਉਨ੍ਹਾਂ ਕੋਲੋਂ ਹੋ ਕੇ ਲੰਘਦਾ ਹੈ। ਦੂਜੀ ਵੀਡੀਓ ‘ਚ ਐੱਸਐੱਚਓ ਗੁਰਵਿੰਦਰ ਸਿੰਘ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਦੋਸ਼ੀ ਉਨ੍ਹਾਂ ਦੇ ਸਾਹਮਣੇ ਖੜ੍ਹਾ ਹੋ ਕੇ ਗੀਤ ‘ਤੇ ਤਾੜੀਆਂ ਵਜਾ ਰਿਹਾ ਹੈ।

ਵੀਡੀਓ ‘ਚ ਨਜ਼ਰ ਆ ਰਿਹਾ ਦੋਸ਼ੀ ਕਮਲ ਬੋਰੀ ਹੈ, ਜਿਸ ਦੇ ਗੈਗਟਰਾਂ ਨਾਲ ਸਬੰਧ ਦੱਸੇ ਜਾਂਦੇ ਹਨ। ਉਸ ਉਪਰ ਦੜਾ-ਸੱਟਾ ਦਾ ਕੰਮ, ਭੁੱਕੀਕੀ, ਗੈਰ ਕਾਨੂੰਨੀ ਤਰੀਕੇ ਨਾਲ ਮਕਾਨਾਂ ‘ਤੇ ਕਬਜੇ ਕਰਨ ਦੇ ਇਲਜ਼ਾਮ ਹਨ। ਖਾਸ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਪੁਲਿਸ ‘ਚ ਰਹਿੰਦਿਆਂ ਕਮਲ ਬੋਰੀ ਖਿਲਾਫ ਕਈ ਮਾਮਲੇ ਦਰਜ ਕਰਵਾਏ ਸਨ, ਜਿਸ ਤੋਂ ਬਾਅਦ ਕਮਲ ਬੋਰੀ ਨੂੰ ਕਈ ਮਹੀਨੇ ਜੇਲ੍ਹ ਵਿੱਚ ਰਹਿਣਾ ਪਿਆ। ਹੁਣ ਉਹ ਸਾਰੇ ਮਾਮਲਿਆਂ ‘ਚ ਜ਼ਮਾਨਤ ‘ਤੇ ਹੈ।

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਮੀਡੀਆ ਨੂੰ ਕੋਈ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਪੰਜਾਬ ਪੁਲਿਸ ਨੇ ਕਾਰਵਾਈ ਕਰਦਿਆਂ ਸਾਰੇ ਪੁਲੀਸ ਅਧਿਕਾਰੀਆਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਇਨ੍ਹਾਂ ਸਾਰੇ ਅਧਿਕਾਰੀਆਂ ਨੂੰ ਸਬੰਧਤ ਥਾਣਿਆਂ ਤੋਂ ਰਿਲੀਵ ਹੋ ਕੇ ਪੁਲਿਸ ਲਾਈਨ ਵਿੱਚ ਆਉਣ ਲਈ ਕਿਹਾ ਗਿਆ ਹੈ।