05/05/2024 10:11 PM

ਲਖਨਾਊ ਤੋਂ ਰਾਮੇਸ਼ਵਰਮ ਜਾਣ ਵਾਲੀ ਰੇਲਗੱਡੀ ‘ਚ ਲੱਗੀ ਅੱਗ

ਤਾਮਿਲਨਾਡੂ ਦੇ ਮਦੁਰਾਈ ਰੇਲਵੇ ਸਟੇਸ਼ਨ ਨੇੜੇ ਲਖਨਾਊ ਤੋਂ ਰਾਮੇਸ਼ਵਰਮ ਜਾਣ ਵਾਲੀ ਰੇਲਗੱਡੀ ਦੀ ਬੋਗੀ ਵਿੱਚ ਅੱਗ ਲੱਗ ਗਈ। ਮਦੁਰਾਈ ਕਲੈਕਟਰ ਦੱਸਿਆ ਕਿ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ 20 ਤੋਂ ਵੱਧ ਲੋਕ ਝੁਲਸ ਗਏ ਹਨ। ਮਰਨ ਵਾਲੇ ਜ਼ਿਆਦਾਤਰ ਲੋਕ ਉੱਤਰ ਪ੍ਰਦੇਸ਼ ਦੇ ਹਨ।

ਅੱਗ ਲੱਗਣ ਦੀ ਘਟਨਾ ਸਵੇਰੇ 5.15 ਵਜੇ ਦੇ ਕਰੀਬ ਮਿਲੀ। ਜਦੋਂ ਟਰੇਨ ਨੂੰ ਮਦੁਰਾਈ ਯਾਰਡ ਜੰਕਸ਼ਨ ‘ਤੇ ਰੋਕਿਆ ਗਿਆ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ 5.45 ‘ਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਸਵੇਰੇ 7:15 ਵਜੇ ਅੱਗ ‘ਤੇ ਕਾਬੂ ਪਾਇਆ ਗਿਆ। ਸਿਰਫ਼ ਪ੍ਰਾਈਵੇਟ ਕੋਚਾਂ ਨੂੰ ਹੀ ਅੱਗ ਲੱਗੀ ਹੈ।  ਦੱਸ ਦਈਏ ਕਿ ਕੋਚ ‘ਚ ਅੱਗ ਲੱਗਣ ਦਾ ਮੁੱਖ ਕਾਰਨ ਗੈਰ-ਕਾਨੂੰਨੀ ਢੰਗ ਨਾਲ ਲਿਜਾਇਆ ਜਾ ਰਿਹਾ ਸਿਲੰਡਰ ਸੀ। ਰੇਲਵੇ ਮੁਤਾਬਕ, ਕੋਈ ਵੀ IRCTC ਰਾਹੀਂ ਕੋਚ ਬੁੱਕ ਕਰਵਾ ਸਕਦਾ ਹੈ, ਪਰ ਸਿਲੰਡਰ ਲੈ ਕੇ ਜਾਣ ‘ਤੇ ਪਾਬੰਦੀ ਹੈ। ਇਸ ਦੇ ਬਾਵਜੂਦ ਇੱਕ ਯਾਤਰੀ ਸਿਲੰਡਰ ਨਾਲ ਸਵਾਰ ਹੋ ਗਿਆ। ਡੀਆਰਐਮ ਸਮੇਤ ਰੇਲਵੇ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਮੌਜੂਦ ਹਨ। ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਮਦੁਰਾਈ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਹਾਦਸੇ ਨਾਲ ਸਬੰਧਤ ਦੋ ਵੀਡੀਓਜ਼ ਸਾਹਮਣੇ ਆਏ ਹਨ, ਜਿਸ ਵਿਚ ਇਕ ਔਰਤ ਅਤੇ ਕਈ ਯਾਤਰੀ ਬਚਾਓ-ਬਚਾਓ ਚੀਖ ਰਹੇ ਹਨ। ਕੁਝ ਦੇਰ ਬਾਅਦ ਇਹ ਆਵਾਜ਼ ਸ਼ਾਂਤ ਹੋ ਜਾਂਦੀ ਹੈ। ਰੇਲਵੇ ਕਰਮਚਾਰੀ ਅੱਗ ਬੁਝਾਉਣ ਵਾਲੇ ਯੰਤਰਾਂ ਅਤੇ ਪਾਣੀ ਦੀ ਵਰਤੋਂ ਕਰ ਰਹੇ ਹਨ। ਪਰ, ਇਸ ਦਾ ਅੱਗ ‘ਤੇ ਕੋਈ ਅਸਰ ਨਹੀਂ ਹੋ ਰਿਹਾ ਹੈ।

ਅੱਗ ਦੀਆਂ ਲਪਟਾਂ ਨੂੰ ਵਧਦਾ ਦੇਖ ਕੇ ਰੇਲਵੇ ਨੇ ਤੁਰੰਤ ਨਾਲ ਲੱਗਦੀਆਂ ਬੋਗੀਆਂ ਨੂੰ ਵੱਖ ਕਰ ਦਿੱਤਾ, ਤਾਂ ਜੋ ਅੱਗ ਹੋਰ ਬੋਗੀਆਂ ਤੱਕ ਨਾ ਫੈਲ ਸਕੇ। ਅੱਗ ਨਾਲ ਇਕ ਬੋਗੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਰੇਲਵੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

Related Posts