ਖੰਨਾ ਦੇ ਪਾਇਲ ‘ਚ ਰੋਡਰੇਜ ਦੀ ਵੀਡੀਓ ਸਾਹਮਣੇ ਆਈ ਹੈ। ਪੁਲਿਸ ਥਾਣੇ ਨੇੜੇ ਮਰਸਡੀਜ਼ ਸਵਾਰ ਚਾਰ ਨੌਜਵਾਨਾਂ ਨੇ ਬਾਈਕ ਸਵਾਰ ਦੋ ਨੌਜਵਾਨਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਇਸ ਦਾ ਸੀਸੀਟੀਵੀ ਸਾਹਮਣੇ ਆਇਆ ਹੈ। ਹਮਲਾ ਕਰਨ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ।
ਪੁਲਿਸ ਨੇ ਚਾਰ ਲੋਕਾਂ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਲੱਕੀ ਵਾਸੀ ਦੋਰਾਹਾ, ਯਾਦਵਿੰਦਰ ਸਿੰਘ ਵਾਸੀ ਘੁਡਾਣੀ ਵਜੋਂ ਹੋਈ ਹੈ। ਉਨ੍ਹਾਂ ਦੇ ਦੋ ਸਾਥੀਆਂ ਦੀ ਪਛਾਣ ਨਹੀਂ ਹੋ ਸਕੀ।
ਮਲੌਦ ਦੇ ਪਿੰਡ ਰੋਡੀਆਂ ਵਾਸੀ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਕੁਲਵਿੰਦਰ ਸਿੰਘ ਵਾਸੀ ਮਦਨੀਪੁਰ ਨਾਲ ਮੋਟਰਸਾਈਕਲ ’ਤੇ ਆਪਣੀ ਰਿਸ਼ਤੇਦਾਰੀ ਕੋਲੋਂ ਬੀਜਾ ਤੋਂ ਘਰ ਵਾਪਸ ਆ ਰਿਹਾ ਸੀ। ਬੱਸ ਸਟੈਂਡ ਪਾਇਲ ਨੇੜੇ ਇੱਕ ਮਰਸਡੀਜ਼ ਕਾਰ ਦੇ ਡਰਾਈਵਰ ਨੇ ਬਿਨਾਂ ਕੋਈ ਸੰਕੇਤ ਦਿੱਤੇ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਕਾਰਨ ਦੋਵੇਂ ਮੋਟਰਸਾਈਕਲ ਸਮੇਤ ਹੇਠਾਂ ਡਿੱਗ ਗਏ।
ਇਸ ਦੌਰਾਨ ਲੱਕੀ ਕਾਰ ਦੀ ਡਰਾਈਵਰ ਸੀਟ ਵਾਲੇ ਪਾਸਿਓਂ ਬਾਹਰ ਨਿਕਲਿਆ। ਯਾਦਵਿੰਦਰ ਸਿੰਘ ਵੀ ਹੱਥ ਵਿੱਚ ਲੋਹੇ ਦੀ ਰਾਡ ਲੈ ਕੇ ਕਾਰ ਵਿੱਚੋਂ ਬਾਹਰ ਨਿਕਲ ਆਇਆ। ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਦੋ ਹੋਰ ਲੋਕ ਬਾਹਰ ਆ ਗਏ। ਇਸ ਦੌਰਾਨ ਮੁਲਜ਼ਮਾਂ ਨੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਯਾਦਵਿੰਦਰ ਨੇ ਗੁੱਸੇ ‘ਚ ਆ ਕੇ ਉਸ ਦੇ ਸਿਰ ‘ਤੇ ਲੋਹੇ ਦੀ ਰਾਡ ਨਾਲ ਵਾਰ ਕਰ ਦਿੱਤਾ। ਲੱਕੀ ਨੇ ਉਸ ਨੂੰ ਫੜ ਕੇ ਕੁੱਟਿਆ। ਜਦੋਂ ਉਹ ਆਪਣੇ ਮੋਬਾਈਲ ਤੋਂ ਕਾਲ ਕਰਨ ਲੱਗਾ ਤਾਂ ਲੱਕੀ ਨੇ ਉਸ ਦੇ ਹੱਥੋਂ ਮੋਬਾਈਲ ਖੋਹ ਲਿਆ ਤੇ ਸੜਕ ‘ਤੇ ਮਾਰ ਕੇ ਤੋੜ ਦਿੱਤਾ। ਇਸ ਤੋਂ ਬਾਅਦ ਹਮਲਾਵਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਬਾਈਕ ਸਵਾਰਾਂ ਨੂੰ ਜ਼ਖਮੀ ਹਾਲਤ ‘ਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।