ਰਸੋਈ ਨੂੰ ਅੰਨਪੂਰਨਾ ਕਿਹਾ ਜਾਂਦਾ ਹੈ, ਇੱਥੇ ਪਕਾਇਆ ਜਾਣ ਵਾਲਾ ਭੋਜਨ ਘਰ ਦੇ ਹਰ ਮੈਂਬਰ ਦੀ ਭੁੱਖ ਪੂਰੀ ਕਰਦਾ ਹੈ। ਜਦੋਂ ਤੋਂ ਲੋਕ ਫਿਟਨੈੱਸ ਪ੍ਰਤੀ ਜਾਗਰੂਕ ਹੋਏ ਹਨ, ਉਦੋਂ ਤੋਂ ਸਿਰਫ ਘਰ ਦੇ ਭੋਜਨ ਨੂੰ ਹੀ ਮਹੱਤਵ ਦੇਣ ਲੱਗੇ ਹਨ ਕਿਉਂਕਿ ਸਵੱਛ ਘਰ ਦਾ ਬਣਿਆ ਭੋਜਨ ਪੌਸ਼ਟਿਕ ਤੇ ਸਿਹਤਮੰਦ ਮੰਨਿਆ ਜਾਂਦਾ ਹੈ।
ਅਸਲੀਅਤ ਇਹ ਵੀ ਹੈ ਕਿ ਘਰ ਵਿੱਚ ਬਣਿਆ ਭੋਜਨ ਬੇਸ਼ੱਕ ਸਾਫ਼ ਤੇ ਸਵੱਛ ਲੱਗਦਾ ਹੈ ਪਰ ਅਸਲ ਵਿੱਚ ਅਜਿਹਾ ਹੁੰਦਾ ਨਹੀਂ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕਈ ਬਿਮਾਰੀਆਂ ਰਸੋਈ ਤੋਂ ਵੀ ਫੈਲ ਰਹੀਆਂ ਹਨ। ਇਸਤਾਂਬੁਲ ਦੀ ਗੇਲੇਜ਼ਿਮ ਯੂਨੀਵਰਸਿਟੀ ਦੇ ਅਧਿਐਨ ਮੁਤਾਬਕ 9 ਫੀਸਦੀ ਬੀਮਾਰੀਆਂ ਰਸੋਈ ‘ਚ ਵਧਣ ਵਾਲੇ ਬੈਕਟੀਰੀਆ ਕਾਰਨ ਹੁੰਦੀਆਂ ਹਨ ਜੋ ਅੱਖਾਂ ਨੂੰ ਵੀ ਦਿਖਾਈ ਨਹੀਂ ਦਿੰਦੇ।
ਦਰਅਸਲ ਰਸੋਈ ਵਿੱਚ ਕੰਮ ਕਰਦੇ ਸਮੇਂ ਤੇ ਖਾਣਾ ਬਣਾਉਣ ਤੋਂ ਬਾਅਦ, ਹਰ ਕੋਈ ਕੱਪੜੇ ਜਾਂ ਤੌਲੀਏ ਨਾਲ ਰਸੋਈ ਦੀ ਸਲੈਬ ਤੇ ਗੈਸ ਸਟੋਵ ਨੂੰ ਸਾਫ਼ ਕਰਦਾ ਹੈ। ਰਿਸਰਚ ਮੁਤਾਬਕ ਇਨ੍ਹਾਂ ਗੰਦੇ ਕੱਪੜਿਆਂ ‘ਚ ਰਾਤੋ-ਰਾਤ ਸਾਲਮੋਨੇਲਾ ਬੈਕਟੀਰੀਆ ਵਧਣੇ ਸ਼ੁਰੂ ਹੋ ਜਾਂਦੇ ਹਨ। ਇਹ ਬੈਕਟੀਰੀਆ ਕੱਪੜੇ ਧੋਣ ਤੋਂ ਬਾਅਦ ਵੀ ਗਾਇਬ ਨਹੀਂ ਹੁੰਦੇ। ਡਾਕਟਰਾਂ ਅਨੁਸਾਰ ਜੇਕਰ ਇਹ ਬੈਕਟੀਰੀਆ ਸਰੀਰ ਵਿੱਚ ਦਾਖ਼ਲ ਹੋ ਜਾਣ ਤਾਂ ਇਸ ਨਾਲ ਦਸਤ, ਪੇਟ ਵਿੱਚ ਕੜਵੱਲ, ਦਰਦ, ਬੁਖਾਰ, ਉਲਟੀਆਂ, ਸਿਰ ਦਰਦ ਤੇ ਇੱਥੋਂ ਤੱਕ ਕਿ ਟਾਈਫਾਈਡ ਵੀ ਹੋ ਸਕਦਾ ਹੈ।
ਫਰਿੱਜ ਸਬਜ਼ੀਆਂ ਤੇ ਫਲਾਂ ਨੂੰ ਤਾਜ਼ਾ ਰੱਖਣ ਵਿੱਚ ਮਦਦ ਕਰਦਾ ਹੈ। ਫਰਿੱਜ ਵਿੱਚ ਰੱਖਣ ਤੋਂ ਪਹਿਲਾਂ ਫਲਾਂ ਤੇ ਸਬਜ਼ੀਆਂ ਨੂੰ ਸਿੰਕ ਵਿੱਚ ਸਾਫ਼ ਕੀਤਾ ਜਾਂਦਾ ਹੈ। ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਸਬਜ਼ੀਆਂ, ਫਲਾਂ ਤੇ ਮੀਟ ਨੂੰ ਫਰਿੱਜ ਵਿੱਚ ਰੱਖਣ ਤੇ ਸਿੰਕ ਵਿੱਚ ਧੋਣ ਨਾਲ ਰਸੋਈ ਵਿੱਚ ਬੈਕਟੀਰੀਆ ਫੈਲ ਸਕਦੇ ਹਨ। ਇਸ ਦਾ ਕਾਰਨ ਇਹ ਹੈ ਕਿ ਸਬਜ਼ੀ ਉਠਾਉਣ ਤੋਂ ਬਾਅਦ ਲੋਕ ਅਕਸਰ ਰਸੋਈ ਵਿੱਚ ਕਈ ਥਾਵਾਂ ਨੂੰ ਛੂਹ ਲੈਂਦੇ ਹਨ। ਰਸੋਈ ਵਿੱਚ ਪਾਏ ਜਾਣ ਵਾਲੇ ਸਭ ਤੋਂ ਆਮ ਬੈਕਟੀਰੀਆ ਈ ਕੋਲਾਈ, ਸਾਲਮੋਨੇਲਾ, ਸ਼ਿਗੇਲਾ, ਹੈਪੇਟਾਈਟਸ ਏ, ਨੋਰੋਵਾਇਰਸ ਤੇ ਕੈਂਪੀਲੋਬੈਕਟਰ ਪਾਏ ਜਾਂਦੇ।
ਬਰਤਨ ਸਾਫ਼ ਕਰਨ ਲਈ ਹਰ ਘਰ ਵਿੱਚ ਸਕ੍ਰਬਰ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਹ ਦਸਤ ਤੇ ਟਾਈਫਾਈਡ ਦਾ ਕਾਰਨ ਬਣ ਸਕਦਾ ਹੈ। ਜਰਮਨੀ ਦੀ ਯੂਨੀਵਰਸਿਟੀ ਆਫ ਫੁਰਟਵਾਂਗੇਨ ਦੇ ਇੱਕ ਅਧਿਐਨ ਵਿੱਚ, ਡਿਸ਼ ਸਕਰਬਰ ਵਿੱਚ 82 ਬਿਲੀਅਨ ਤੋਂ ਵੱਧ ਬੈਕਟੀਰੀਆ ਪਾਏ ਗਏ। ਇਨ੍ਹਾਂ ਬੈਕਟੀਰੀਆ ਦੀ ਗਿਣਤੀ ਟਾਇਲਟ ਸੀਟਾਂ ਤੋਂ ਵੱਧ ਹੈ।
ਇਸ ਤੋਂ ਇਲਾਵਾ ਨਮੀ ਕਾਰਨ ਇਸ ‘ਤੇ ਮੋਰੈਕਸੇਲਾ ਓਸਲੋਏਨਸਿਸ ਨਾਂ ਦਾ ਬੈਕਟੀਰੀਆ ਪਾਇਆ ਗਿਆ। ਅਧਿਐਨ ਵਿੱਚ ਕਿਹਾ ਗਿਆ ਹੈ ਕਿ ਕਣਕ, ਆਟਾ ਤੇ ਤੇਲ ਬੈਕਟੀਰੀਆ ਦੇ ਘਰ ਹਨ। ਜਦੋਂ ਹੀ ਸਕਰਬਰ ਨੂੰ ਇਹ ਪਦਾਰਥ ਲੱਗੇ ਭਾਂਡਿਆਂ ਉੱਤੇ ਵਰਤਿਆ ਜਾਂਦਾ ਹੈ ਤਾਂ ਇਹ ਸਕਰਬਰ ਵਿੱਚ ਫਸ ਜਾਂਦੇ ਹਨ ਤੇ ਬੈਕਟੀਰੀਆ ਦਾ ਘਰ ਬਣ ਜਾਂਦਾ ਹੈ। ਇਸ ਦੀ ਰਬੜ ਨੂੰ ਹਰ ਹਫ਼ਤੇ ਬਦਲਣਾ ਚਾਹੀਦਾ ਹੈ।