05/17/2024 11:29 PM

ਸ਼ਰਾਬ ਘੁਟਾਲੇ ਦੀ ਜਾਂਚ ‘ਚ CBI ਅੱਜ ਬੈਂਕ ਲਾਕਰ ਦੀ ਕਰੇਗੀ ਜਾਂਚ, ਮਨੀਸ਼ ਸਿਸੋਦੀਆ ਦਾ ਦਾਅਵਾ

ਭ੍ਰਿਸ਼ਟਾਚਾਰ ਅਤੇ ਸ਼ਰਾਬ ਘੁਟਾਲੇ ਵਿੱਚ ਘਿਰੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ। ਅੱਜ ਉਨ੍ਹਾਂ ਦੇ ਬੈਂਕ ਲਾਕਰ ਦੀ ਜਾਂਚ ਕੀਤੀ ਜਾਵੇਗੀ। ਜਦੋਂ ਸੀਬੀਆਈ ਲਾਕਰ ਦੀ ਜਾਂਚ ਕਰੇਗੀ ਤਾਂ ਉਸ ਦੇ ਪਰਿਵਾਰਕ ਮੈਂਬਰ ਸੀਬੀਆਈ ਟੀਮ ਦੇ ਨਾਲ ਮੌਜੂਦ ਹੋਣਗੇ।

ਇਸ ਦੇ ਨਾਲ ਹੀ ਸੀਬੀਆਈ ਵੱਲੋਂ ਆਪਣੇ ਬੈਂਕ ਲਾਕਰ ਦੀ ਜਾਂਚ ਨੂੰ ਲੈ ਕੇ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਜਿਵੇਂ ਮੇਰੇ ਘਰ ‘ਤੇ 14 ਘੰਟੇ ਦੀ ਛਾਪੇਮਾਰੀ ‘ਚ ਕੁਝ ਨਹੀਂ ਮਿਲਿਆ, ਉਸੇ ਤਰ੍ਹਾਂ ਬੈਂਕ ਦੇ ਲਾਕਰ ‘ਚੋਂ ਵੀ ਕੁਝ ਨਹੀਂ ਮਿਲੇਗਾ। ਮੈਂ ਜਾਂਚ ਵਿੱਚ ਪੂਰਾ ਸਹਿਯੋਗ ਕਰਾਂਗਾ। ਸਿਸੋਦੀਆ ਨੇ ਟਵੀਟ ਕੀਤਾ, “ਕੱਲ੍ਹ CBI ਸਾਡੇ ਬੈਂਕ ਲਾਕਰ ਨੂੰ ਦੇਖਣ ਆ ਰਹੀ ਹੈ। 19 ਅਗਸਤ ਨੂੰ ਮੇਰੇ ਘਰ ‘ਤੇ ਛਾਪੇਮਾਰੀ ਦੇ 14 ਘੰਟਿਆਂ ਵਿੱਚ ਕੁਝ ਨਹੀਂ ਮਿਲਿਆ। ਲਾਕਰ ਚੋਂ ਵੀ ਕੁਝ ਨਹੀਂ ਮਿਲੇਗਾ। ਸੀਬੀਆਈ ਤੁਹਾਡਾ ਸੁਆਗਤ ਹੈ। ਜਾਂਚ ਵਿੱਚ ਮੈਂ ਅਤੇ ਮੇਰੇ ਪਰਿਵਾਰ ਪੂਰਾ ਸਹਿਯੋਗ ਦਵੇਗਾ।”

ਜਾਣੋ ਕੀ ਹੈ ਪੂਰਾ ਮਾਮਲਾ?

ਦਰਅਸਲ, ਦਿੱਲੀ ਦੀ ਨਵੀਂ ਸ਼ਰਾਬ ਨੀਤੀ ਵਿੱਚ ਬੇਨਿਯਮੀਆਂ ਦਾ ਦੋਸ਼ ਲਗਾਉਣ ਵਾਲੀ ਦਿੱਲੀ ਦੇ ਮੁੱਖ ਸਕੱਤਰ ਦੀ ਰਿਪੋਰਟ ਤੋਂ ਬਾਅਦ ਉਪ ਰਾਜਪਾਲ ਵੀਕੇ ਸਕਸੈਨਾ ਨੇ ਪਿਛਲੇ ਮਹੀਨੇ ਸੀਬੀਆਈ ਜਾਂਚ ਦੀ ਸਿਫ਼ਾਰਸ਼ ਕੀਤੀ ਸੀ। ਨਵੰਬਰ ਵਿੱਚ ਪੇਸ਼ ਕੀਤੀ ਗਈ ਨੀਤੀ ਤਹਿਤ ਸ਼ਰਾਬ ਦੀ ਦੁਕਾਨ ਦੇ ਲਾਇਸੈਂਸ ਪ੍ਰਾਈਵੇਟ ਵਪਾਰੀਆਂ ਨੂੰ ਸੌਂਪੇ ਗਏ ਸੀ। ਇਸ ਸ਼ਰਾਬ ਨੀਤੀ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ।

‘ਆਪ’ ਨੇ ਕੇਂਦਰ ਸਰਕਾਰ ‘ਤੇ ਲਾਇਆ ਦੋਸ਼

ਇਸ ਮਾਮਲੇ ‘ਚ ‘ਆਪ’ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਦੂਜੇ ਪਾਸੇ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਇਹ ਨੀਤੀ ਸਰਕਾਰੀ ਸ਼ਰਾਬ ਦੀਆਂ ਦੁਕਾਨਾਂ ਵਿੱਚ ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਕੇਂਦਰ ਦਿੱਲੀ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਨਾਰਾਜ਼ ਹੈ, ਇਸੇ ਲਈ ‘ਆਪ’ ਸਰਕਾਰ ਦੇ ਮੰਤਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।