05/08/2024 5:06 AM

ਸੋਢਲ ਮੇਲੇ ਨੂੰ ਲੈ ਕੇ ਰੇਲਵੇ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ

ਜਲੰਧਰ : ਸ਼੍ਰੀ ਸਿੱਧ ਬਾਬਾ ਸੋਢਲ ਦਾ ਇਤਿਹਾਸਕ ਮੇਲਾ 28 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ ਪਰ ਮੰਦਿਰ ਵਿਚ ਹੁਣ ਤੋਂ ਹੀ ਸ਼ਰਧਾਲੂਆਂ ਦੀ ਭੀੜ ਉਮੜਣ ਲੱਗੀ ਹੈ। ਹਰ ਸਾਲ ਲੱਖਾਂ ਲੋਕ ਬਾਬਾ ਸੋਢਲ ਦੇ ਦਰਸ਼ਨ ਲਈ ਆਉਂਦੇ ਹਨ। ਮੰਦਿਰ ਤੋਂ ਥੋੜ੍ਹੀ ਦੂਰੀ ’ਤੇ ਰੇਲ ਲਾਈਨਾਂ ਸਥਿਤ ਹਨ। ਹਾਦਸੇ ਦੀ ਕੋਈ ਗੁੰਜਾਇਸ਼ ਨਾ ਰਹੇ, ਇਸ ਲਈ ਰੇਲਵੇ ਵਿਭਾਗ ਨੇ ਟਰੇਨ ਡਰਾਈਵਰਾਂ ਲਈ ਸ਼ਾਰਪ ਲੁਕਆਊਟ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਦਾ ਮਤਲਬ ਡਰਾਈਵਰ ਬੇਹੱਦ ਧਿਆਨਪੂਰਵਕ ਹਾਰਨ ਵਜਾਉਂਦੇ ਹੋਏ ਟਰੇਨ ਚਲਾਏਗਾ। ਜ਼ਿਕਰਯੋਗ ਹੈ ਕਿ ਇਸ ਫਾਟਕ ਤੋਂ ਰੋਜ਼ਾਨਾ 100 ਤੋਂ ਜ਼ਿਆਦਾ ਟਰੇਨਾਂ ਲੰਘਦੀਆਂ ਹਨ।

ਆਮ ਤੌਰ ’ਤੇ 80 ਤੋਂ 100 ਕਿਲੋਮੀਟਰ ਦੀ ਸਪੀਡ ਨਾਲ ਚੱਲਣ ਵਾਲੀਆਂ ਟਰੇਨਾਂ ਮੇਲੇ ਦੌਰਾਨ 15 ਕਿਲੋਮੀਟਰ ਦੀ ਸਪੀਡ ਨਾਲ ਹੀ ਲੰਘਣਗੀਆਂ। ਜ਼ਿਕਰਯੋਗ ਹੈ ਕਿ ਕਈ ਲੋਕ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਬੰਦ ਫਾਟਕ ਨੂੰ ਵੀ ਪਾਰ ਕਰਨ ਲੱਗਦੇ ਹਨ। ਕੁਝ ਲੋਕ ਸ਼ਾਰਟਕੱਟ ਵੀ ਅਪਣਾਉਂਦੇ ਹਨ, ਜੋਕਿ ਕਿਸੇ ਵੀ ਸਮੇਂ ਉਨ੍ਹਾਂ ’ਤੇ ਭਾਰੀ ਪੈ ਸਕਦਾ ਹੈ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਰੇਲ ਨਿਯਮਾਂ ਦੀ ਉਲੰਘਣਾ ਬਿਲਕੁਲ ਨਾ ਕਰਨ।

ਰਾਮਨਗਰ ਅਤੇ ਚੰਦਨ ਨਗਰ ਰੇਲਵੇ ਫਾਟਕ ਪੂਰੀ ਤਰ੍ਹਾਂ ਬੰਦ ਰਹਿਣਗੇ

ਬਾਬਾ ਸੋਢਲ ਮੇਲੇ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਵੀ ਰੇਲਵੇ ਅਥਾਰਿਟੀ ਨੂੰ ਇਕ ਪੱਤਰ ਲਿਖ ਕੇ ਸੋਢਲ ਮੰਦਿਰ ਨੇੜੇ ਸਥਿਤ ਰਾਮਨਗਰ ਅਤੇ ਚੰਦਨ ਨਗਰ ਰੇਲਵੇ ਫਾਟਕਾਂ ਨੂੰ 1 ਅਕਤੂਬਰ ਤਕ ਪੂਰੀ ਤਰ੍ਹਾਂ ਬੰਦ ਰੱਖਣ ਲਈ ਕਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਅੰਦਰ ਪੈਂਦੇ ਸੋਢਲ ਫਾਟਕ, ਟਾਂਡਾ ਫਾਟਕ ਅਤੇ ਅੱਡਾ ਹੁਸ਼ਿਆਰਪੁਰ ਰੇਲਵੇ ਫਾਟਕਾਂ ’ਤੇ ਜੀ. ਆਰ. ਪੀ. ਅਤੇ ਆਰ. ਪੀ. ਐੱਫ਼. ਦੇ ਕਰਮਚਾਰੀਆਂ ਦੀ ਤਾਇਨਾਤੀ ਯਕੀਨੀ ਬਣਾਈ ਜਾਵੇ ਤਾਂ ਜੋ ਟਰੇਨ ਆਉਂਦੇ ਸਮੇਂ ਟਰੈਫਿਕ ਕੰਟਰੋਲ ਕੀਤਾ ਜਾ ਸਕੇ। ਜ਼ਿਲ੍ਹਾ ਪੁਲਸ ਵੱਲੋਂ ਵੀ ਫਾਟਕਾਂ ’ਤੇ ਟਰੈਫਿਕ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ।