02/24/2024 9:23 AM

NIA ਵੱਲੋਂ ਪੰਜਾਬ ‘ਚ 30 ਥਾਵਾਂ ‘ਤੇ ਛਾਪੇਮਾਰੀ

ਅੱਤਵਾਦੀਆਂ,ਗੈਂਗਸਟਰ ਤੇ ਡਰੱਗ ਨੈੱਟਵਰਕ ’ਤੇ ਸ਼ਿੰਕਜਾ ਕੱਸਣ ਦੇ ਲਈ ਐਨਆਈਏ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਐਨਆਈਏ ਵੱਲੋਂ 6 ਸੂਬਿਆਂ ’ਚ 50 ਥਾਵਾਂ ’ਤੇ ਛਾਪੇਮਾਰੀ ਕਰ ਰਹੀ ਹੈ। ਦੱਸ ਦਈਏ ਕਿ ਐਨਆਈਏ ਵੱਲੋਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਸਣੇ ਕਈ ਸੂਬਿਆਂ ’ਚ ਛਾਪੇਮਾਰੀ  ਕਰ ਰਹੀ ਹੈ।

ਐਨਆਈਏ ਵੱਲੋਂ ਪੰਜਾਬ ’ਚ 30 ਥਾਵਾਂ, ਰਾਜਸਥਾਨ ’ਚ 13 ਥਾਂਵਾਂ ’ਤੇ ਛਾਪੇਮਾਰੀ, ਹਰਿਆਣਾ ’ਚ 4, ਉੱਤਰਾਖੰਡ ‘ਚ 2 ਥਾਵਾਂ ‘ਤੇ ਛਾਪੇਮਾਰੀ ਦਿੱਲੀ-ਐਨਸੀਆਰ, ਉੱਤਰਾਖੰਡ, ਯੂਪੀ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਬਠਿੰਡਾ ‘ਚ ਬੁੱਧਵਾਰ ਸਵੇਰੇ ਕਰੀਬ 6 ਵਜੇ ਐਨਆਈਏ ਦੀਆਂ ਦੋ ਟੀਮਾਂ ਰਾਮਪੁਰਾ ਅਤੇ ਮੋੜ ਮੰਡੀ ਪਹੁੰਚੀਆਂ। ਟੀਮ ਵੱਲੋਂ ਪਿੰਡ ਜੇਠੂਕੇ ਵਿੱਚ ਗੁਰਪ੍ਰੀਤ ਸਿੰਘ ਉਰਫ਼ ਗੁਰੀ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ। ਗੁਰੀ ਬਠਿੰਡਾ ਪੁਲਿਸ ਨੂੰ ਕਤਲ ਸਮੇਤ ਕਈ ਮਾਮਲਿਆਂ ਵਿੱਚ ਲੋੜੀਂਦਾ ਮੁਲਜ਼ਮ ਹੈ। ਇਸ ਤੋਂ ਇਲਾਵਾ ਐਨਆਈਏ ਟੀਮ ਵੱਲੋਂ ਹੈਰੀ ਮੋਰ ਦੇ ਘਰ ਪਹੁੰਚੀ ਹੈ। ਹੈਰੀ ਵੀ ਕਈ ਮਾਮਲਿਆਂ ’ਚ ਨਾਮਜਦ ਹੈ।

ਮੁਹਾਲੀ ਦੇ ਪਿੰਡ ਬੱਲੋਗੀ ’ਚ ਰਵਿੰਦਰ ਉਰਫ਼ ਕਾਲੀ ਸ਼ੁੱਟਰ ਦੇ ਘਰ ਐਨਆਈਏ ਦੀ ਛਾਪੇਮਾਰੀ ਕੀਤੀ ਗਈ ਹੈ। ਦੱਸ ਦਈਏ ਕਿ ਕਾਲੀ ਇਸ ਸਮੇਂ ਤਿਹਾੜ ਜੇਲ੍ਹ ’ਚ ਬੰਦ ਹੈ।

ਮਾਨਸਾ ਸ਼ਹਿਰ ਸਮੇਤ ਦਰਜਨਾਂ ਪਿੰਡਾਂ ਵਿੱਚ ਐਨਆਈਏ ਦੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਐਨਆਈਏ ਦੇ ਛਾਪੇ ਨਸ਼ਿਆਂ ਦੇ ਕਾਰੋਬਾਰ ਨਾਲ ਸਬੰਧਤ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਛਾਪੇ ਕਬੱਡੀ ਖਿਡਾਰੀਆਂ ਦੇ ਘਰਾਂ ਵਿੱਚ ਮਾਰੇ ਗਏ ਹਨ।

ਫਿਰੋਜ਼ਪੁਰ ’ਚ ਅੱਜ ਐਨਆਈਏ ਨੇ ਗੈਂਗਸਟਰ ਅਰਸ਼ਦੀਪ ਡੱਲਾ ਦੇ ਸਾਥੀ ਜੋਨਸ ਉਰਫ ਜੋਰਾ ਜੋ ਮਜਦੂਰੀ ਦਾ ਕੰਮ ਕਰਦਾ ਹੈ ਉਸਦੇ ਘਰ ਸ਼ਹਿਰ ਮੱਛੀ ਮੰਡੀ ’ਚ ਸਵੇਰ ਪੰਜ ਵਜੇ ਛਾਪੇਮਾਰੀ ਕੀਤੀ ਅਤੇ ਐਨਆਈਏ ਵੱਲੋਂ ਜੋਨਸ ਉਰਫ ਜੋਰਾ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।

ਫਰੀਦਕੋਟ ਜਿਲ੍ਹੇ ਦੇ ਪਿੰਡ ਜਿਉਣ ਵਾਲਾ ਵਿਚ ਐਨਆਈਏ ਦੀ ਛਾਪੇਮਾਰੀ ਕੀਤੀ ਗਈ। ਜਿੱਥੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਨੁਕਸਾਨ ਪਹੁੰਚਾਉਣ  ਦੀ ਕੋਸਿਸ ਕਰਨ ਵਾਲੇ ਅਤੇ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਕਤਲ ਵਿਚ ਜੇਲ੍ਹ ਵਿਚ ਬੰਦ ਸੁਖਜੀਤ ਸੀਤੂ ਅਤੇ ਭੋਲਾ ਨਹਿੰਗ ਦੇ ਘਰ ਐਨਆਈਏ ਨੇ ਛਾਪੇਮਾਰੀ ਕੀਤੀ। ਇਸ ਸੂਤਰਾਂ ਤੋਂ ਜਾਣਕਾਰੀ ਹਾਸਿਲ ਹੋਈ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਕਰੀਬ ਅੱਧਾ ਘੰਟਾ ਤੱਕ ਪੁੱਛਗਿੱਛ ਕਰਦੇ ਰਹੇ। ਅੱਧੇ ਘੰਟੇ ਬਾਅਦ ਐਨਆਈਏ ਦੀ ਟੀਮ ਵਾਪਸ ਪਰਤ ਗਈ।

ਐਨ.ਆਈ.ਏ ਨੇ ਮੋਗਾ ਦੇ ਪਿੰਡ ਤਖਤੂਪੁਰਾ ਵਿੱਚ ਇੱਕ ਸ਼ਰਾਬ ਠੇਕੇਦਾਰ ਦੇ ਘਰ ‘ਤੇ ਛਾਪੇਮਾਰੀ ਕੀਤੀ। ਸੂਤਰਾਂ ਦੀ ਮੰਨੀਏ ਤਾਂ ਗੈਂਗਸਟਰ ਅਰਸ਼ ਡੱਲਾ ਨੇ ਇਸ ਠੇਕੇਦਾਰ ਤੋਂ ਫਿਰੌਤੀ ਦੀ ਮੰਗ ਕੀਤੀ ਸੀ ਅਤੇ ਇਸ ਠੇਕੇਦਾਰ ਨੇ ਫਿਰੌਤੀ ਦਾ ਕੁਝ ਹਿੱਸਾ ਅਰਸ਼ ਡੱਲਾ ਨੂੰ ਦਿੱਤਾ ਸੀ। ਇਸ ਵਿੱਚ ਐਨ.ਆਈ.ਏ ਨੇ ਕਰੀਬ 3:30 ਘੰਟੇ ਪੁੱਛਗਿੱਛ ਕੀਤੀ।

ਜਾਣਕਾਰੀ ਦਿੰਦਿਆਂ ਸ਼ਰਾਬ ਠੇਕੇਦਾਰ ਦੇ ਪਿਤਾ ਅਤੇ ਪਿੰਡ ਦੇ ਸਾਬਕਾ ਸਰਪੰਚ ਗੁਰਮੇਲ ਸਿੰਘ ਨੇ ਦੱਸਿਆ ਕਿ ਐਨਆਈਏ ਨੇ ਸਾਡੇ ਕੋਲੋਂ ਜੋ ਵੀ ਪੁੱਛਗਿੱਛ ਕੀਤੀ ਹੈ, ਅਸੀਂ ਪਹਿਲਾਂ ਹੀ ਮੋਗਾ ਪੁਲਿਸ ਦੇ ਸਬੰਧਿਤ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਸੀ। ਉਨ੍ਹਾਂ ਨੇ ਦੱਸਿਆ ਕਿ ਐਨਆਈਏ ਨੇ ਉਸ ਦੇ ਲੜਕੇ ਦਾ ਮੋਬਾਈਲ ਫੋਨ ਖੋਹ ਲਿਆ ਹੈ ਅਤੇ ਉਸ ਦੇ ਘਰੋਂ ਕੋਈ ਇਤਰਾਜ਼ਯੋਗ ਸਮੱਗਰੀ ਨਹੀਂ ਮਿਲੀ। ਉਸ ਨੇ ਦੱਸਿਆ ਕਿ ਇਹ ਸਾਡੇ ਲਾਇਸੰਸੀ ਹਥਿਆਰਾਂ ਵਿੱਚੋਂ ਇੱਕ ਸੀ ਅਤੇ ਇਸ ਦੀ ਜਾਂਚ ਕਰਨ ਤੋਂ ਬਾਅਦ ਐਨਆਈਏ ਨੇ ਇਸ ਨੂੰ ਉੱਥੇ ਹੀ ਛੱਡ ਦਿੱਤਾ।