ਬੀਤੇ ਦਿਨ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ NDPS ਦੇ 8 ਸਾਲ ਪੁਰਾਣੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਲਾਲਾਬਾਦ ਪੁਲਿਸ ਚੰਡੀਗੜ੍ਹ ਵਿੱਚ ਸੁਖਪਾਲ ਖਹਿਰਾ ਦੀ ਕੋਠੀ ਪਹੁੰਚੀ ਸੀ। ਜਿਸ ਤੋਂ ਬਾਅਦ ਆਪਣੇ ਨਾਲ ਜਲਾਲਾਬਾਦ ਲੈ ਗਈ। ਅੱਜ ਕਾਂਗਰਸੀਆਂ ਦਾ ਵਫ਼ਦ ਸੁਖਪਾਲ ਸਿੰਘ ਖਹਿਰਾ ਨੂੰ ਮਿਲਣ ਦੇ ਲਈ ਜਲਾਲਾਬਾਦ ਪਹੁੰਚਿਆ ਤਾਂ ਅੱਗੋਂ ਥਾਣਾ ਖਾਲੀ ਨਿਕਲਿਆ।
ਭਾਵ ਕਿ ਜਲਾਲਾਬਾਦ ਥਾਣੇ ਵਿੱਚ ਪੁਲਿਸ ਨੇ ਸੁਖਪਾਲ ਖਹਿਰਾ ਨੂੰ ਨਹੀਂ ਰੱਖਿਆ ਹੋਇਆ ਸੀ, ਹਲਾਂਕਿ ਜਲਾਲਾਬਾਦ ਦੀ ਪੁਲਿਸ ਹੀ ਖਹਿਰਾ ਨੂੰ ਗ੍ਰਿਫ਼ਤਾਰ ਕਰਕੇ ਲੈ ਕੇ ਗਈ ਸੀ। ਕਾਂਗਰਸੀਆਂ ਦੇ ਇਸ ਵਫ਼ਦ ਦੀ ਅਗਵਾਈ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤੀ ਗਈ ਹੈ।
ਅੱਜ ਸਵੇਰੇ ਤੜਕੇ ਪ੍ਰਤਾਪ ਬਾਜਵਾ ਦੀ ਅਗਵਾਈ ‘ਚ ਕਾਂਗਰਸੀਆਂ ਦਾ ਵਫ਼ਦ ਜਲਾਲਾਬਾਦ ਥਾਣੇ ਪਹੁੰਚਿਆ ਸੀ। ਜਿਸ ਦੌਰਾਨ ਪਤਾ ਲੱਗਿਆ ਕਿ ਸੁਖਪਾਲ ਸਿੰਘ ਖਹਿਰਾ ਨੂੰ ਇੱਥੇ ਨਹੀਂ ਰੱਖਿਆ ਹੋਇਆ। ਸਗੋਂ ਖਹਿਰਾ ਨੂੰ ਸੀਆਈਏ ਫਾਜ਼ੀਲਕਾ ਸਿਫ਼ਟ ਕਰ ਦਿੱਤਾ ਗਿਆ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਨੂੰਨੀ ਤੌਰ ‘ਤੇ ਸੁਖਪਾਲ ਖਹਿਰਾ ਨੂੰ ਜਲਾਲਾਬਾਦ ਪੁਲਿਸ ਸਟੇਸ਼ਨ ਹੀ ਰੱਖਿਆ ਜਾਣਾ ਚਾਹੀਦਾ ਸੀ।
ਕੀ ਹੈ ਪੂਰਾ ਮਾਮਲਾ
ਸਾਲ 2015 ਵਿੱਚ ਜਲਾਲਾਬਾਦ ਪੁਲਸ ਨੇ ਮਾਰਕੀਟ ਕਮੇਟੀ ਢਿੱਲਵਾਂ ਦੇ ਸਾਬਕਾ ਚੇਅਰਮੈਨ ਗੁਰਦੇਵ ਸਿੰਘ ਸਮੇਤ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਦੇ ਕਬਜ਼ੇ ’ਚੋਂ 1 ਕਿਲੋ ਤੋਂ ਵਧੇਰੇ ਹੈਰੋਇਨ, ਸੋਨੇ ਦੇ ਬਿਸਕੁਟ, ਇੱਕ ਦੇਸੀ .315 ਬੋਰ ਦਾ ਪਿਸਤੌਲ, ਦੋ ਪਾਕਿਸਤਾਨੀ ਸਿਮ ਕਾਰਡ ਅਤੇ ਇੱਕ ਟਾਟਾ ਸਫਾਰੀ ਕਾਰ ਬਰਾਮਦ ਹੋਈ ਹੈ। ਇਸ ਮਾਮਲੇ ਵਿੱਚ ਖਹਿਰਾ ਦਾ ਨਾਂ ਸਾਬਕਾ ਚੇਅਰਮੈਨ ਗੁਰਦੇਵ ਸਿੰਘ ਨਾਲ ਕਥਿਤ ਸਬੰਧਾਂ ਕਾਰਨ ਸਾਹਮਣੇ ਆਇਆ ਸੀ।
ਖਹਿਰਾ ਦੇ ਨਾਲ-ਨਾਲ ਨਿੱਜੀ ਸੁਰੱਖਿਆ ਅਧਿਕਾਰੀ, ਨਿੱਜੀ ਸਹਾਇਕ, ਯੂਕੇ ਨਿਵਾਸੀ ਚਰਨਜੀਤ ਕੌਰ ਅਤੇ ਮੇਜਰ ਸਿੰਘ ਬਾਜਵਾ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ। ਇਸ ਮਾਮਲੇ ਵਿੱਚ 31 ਅਕਤੂਬਰ 2017 ਨੂੰ ਫਾਜ਼ਿਲਕਾ ਅਦਾਲਤ ਨੇ ਨੌਂ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਸੀ, ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।
ਹਲਾਂਕਿ ਸੁਖਪਾਲ ਖਹਿਰਾ ਦਾਅਵਾ ਕਰ ਰਹੇ ਹਨ ਕਿ ਸਾਬਕਾ ਚੇਅਰਮੈਨ ਗੁਰਦੇਵ ਸਿੰਘ ਮੇਰੇ ਹਲਕੇ ਦਾ ਰਹਿਣ ਵਾਲਾ ਹੈ। ਇਸ ਲਈ ਉਹ ਮੈਨੂੰ ਫੋਨ ਕਰਦਾ ਰਹਿੰਦਾ ਸੀ। ਪਰ ਜਦੋਂ ਉਸ ਖਿਲਾਫ਼ ਪਰਚਾ ਹੋ ਗਿਆ ਤਾਂ ਮੈਂ ਉਸ ਨੂੰ ਸਾਫ਼ ਕਿਹਾ ਸੀ ਕਿ ਗੁਰਦੇਵ ਮੈਨੂੰ ਫੋਨ ਨਾ ਕਰਿਆ ਕਰ।