02/24/2024 8:56 AM

ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮਾਲਵਾ ਖੇਤਰ ਦੇ ਲੋਕਾਂ ਨੂੰ ਇੱਕ ਤੋਹਾਫ਼ਾ ਦੇਣ ਜਾ ਰਹੇ ਹਨ। ਜਿਸ ਦਾ ਐਲਾਨ ਅੱਜ ਮੁੱਖ ਮੰਤਰੀ ਨੇ ਟਵੀਟ ਰਾਹੀਂ ਕੀਤਾ ਹੈ। ਸੀਐਮ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ – ”ਪੰਜਾਬ ਤੇ ਮਾਲਵਾ ਖੇਤਰ ਦੇ ਲੋਕਾਂ ਲਈ ਵੱਡੀ ਖੁਸ਼ਖ਼ਬਰੀ… ਅੱਜ ਤੋਂ ਬਠਿੰਡਾ ਤੋਂ ਦਿੱਲੀ ਲਈ ਫਲਾਈਟ ਸ਼ੁਰੂ ਹੋ ਰਹੀ ਹੈ…ਜਿਸਦਾ ਲੋਕਾਂ ਨੂੰ ਬਹੁਤ ਫ਼ਾਇਦਾ ਹੋਵੇਗਾ ਤੇ ਮਾਲਵੇ ਦਾ ਖੇਤਰ ਸਿੱਧਾ ਦਿੱਲੀ ਨਾਲ ਜੁੜੇਗਾ..ਜਿਸ ਨਾਲ ਮਾਲਵੇ ਦੇ ਲੋਕਾਂ ਦੀ ਤਰੱਕੀ ਤੇ ਖ਼ੁਸ਼ਹਾਲੀ ਦੇ ਹੋਰ ਰਸਤੇ ਖੁੱਲਣਗੇ… ਕੰਪਨੀ ਨੇ ਇਸ ਫਲਾਈਟ ਦਾ ਸ਼ੁਰੂਆਤੀ ਕਿਰਾਇਆ ਮਹਿਜ਼ 1999 ਰੁਪਏ ਰੱਖਿਆ ਹੈ…ਆਉਣ ਵਾਲੇ ਦਿਨਾਂ ‘ਚ ਪੰਜਾਬ ਦੇ ਹੋਰ ਵੀ ਹਵਾਈ ਅੱਡਿਆਂ ਤੋਂ ਉਡਾਣਾਂ ਸ਼ੁਰੂ ਹੋਣਗੀਆਂ…ਰੰਗਲੇ ਪੰਜਾਬ ਵੱਲ ਵਧ ਰਹੀ ਸਾਡੀ ਸਰਕਾਰ ਦੇ ਚੁੱਕੇ ਕਦਮ ਲਗਾਤਾਰ ਕਾਮਯਾਬ ਹੋ ਰਹੇ ਨੇ…

9 ਅਕਤੂਬਰ ਤੋਂ ਬਠਿੰਡਾ ਤੋਂ ਦਿੱਲੀ ਵੱਲ ਉਡਾਣਾਂ ਪਹਿਲੀ ਉਡਾਣ ਭਰਨਗੀਆਂ। ਇਹ ਉਡਾਣ ਬਠਿੰਡਾ ਹਵਾਈ ਅੱਡੇ ਤੋਂ ਰਵਾਨਾ ਹੋਵੇਗੀ। ਇਹ ਫਲਾਈਟ ਦੁਪਹਿਰ 1:25 ‘ਤੇ ਦਿੱਲੀ ਤੋਂ ਬਠਿੰਡਾ ਲਈ ਰਵਾਨਾ ਹੋਵੇਗੀ, ਜੋ ਦੁਪਹਿਰ 2:40 ਵਜੇ ਬਠਿੰਡਾ ਪਹੁੰਚੇਗੀ। ਇਸ ਤੋਂ ਬਾਅਦ ਦੀ ਫਲਾਈਟ ਦੁਪਹਿਰ 3 ਵਜੇ ਦਿੱਲੀ ਲਈ ਰਵਾਨਾ ਹੋਵੇਗੀ ਅਤੇ ਇੱਕ ਘੰਟਾ 10 ਮਿੰਟ ਦਾ ਸਫਰ ਤੈਅ ਕਰਨ ਤੋਂ ਬਾਅਦ 4:10 ਵਜੇ ਦਿੱਲੀ ਪਹੁੰਚੇਗੀ।

ਦੱਸਣਯੋਗ ਹੈ ਕਿ ਅਲਾਇੰਸ ਏਅਰ ਵੱਲੋਂ ਬਠਿੰਡਾ ਤੋਂ ਦਿੱਲੀ ਦੇ ਲਈ ਉਡਾਣ ਚਲਾਈ ਜਾ ਰਹੀ ਹੈ। ਜਿਸ ‘ਚ ਕੰਪਨੀ ਵੱਲੋਂ 72 ਸੀਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦਾ ਸ਼ੁਰੂਆਤੀ ਕਿਰਾਇਆ 2 ਹਜ਼ਾਰ ਰੁਪਏ  ਦੇ ਕਰੀਬ ਹੋਵੇਗਾ। ਇਸ ਤੋਂ ਬਾਅਦ ਸੀਟਾਂ ਦੇ ਘਟਣ ਵਧਣ ਨਾਲ ਕਿਰਾਏ ‘ਚ ਤਬਦੀਲੀ ਆਵੇਗੀ।