07/27/2024 8:13 AM

ਇੱਕ ਨਵੰਬਰ ਨੂੰ ਵਿਰੋਧੀਆਂ ਤੇ ਸਰਕਾਰ ਵਿਚਾਲੇ ਹੋਵੇਗੀ ਖੁੱਲ੍ਹੀ ਬਹਿਸ! CM ਮਾਨ ਨੇ ਖਿੱਚੀ ਤਿਆਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਵਿਰੋਧੀ ਧਿਰ ਦੇ ਆਗੂਆਂ ਨੂੰ ਦਿੱਤੀ ਖੁੱਲ੍ਹੀ ਬਹਿਸ ਦੀ ਚੁਣੌਤੀ ਲਈ ਥਾਂ ਤੈਅ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸੂਬਾ ਸਰਕਾਰ ਦੀ ਤਰਫੋਂ 1 ਨਵੰਬਰ ਨੂੰ ਹੋਣ ਵਾਲੇ ਇਸ ਸਮਾਗਮ ਲਈ ਪ੍ਰਸ਼ਾਸਨ ਤੋਂ ਟੈਗੋਰ ਥੀਏਟਰ ਸਥਾਨ ਦੀ ਮੰਗ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ ਟੈਗੋਰ ਥੀਏਟਰ ਪ੍ਰਸ਼ਾਸਨ ਤੋਂ ਪੁੱਛਿਆ ਹੈ ਕਿ ਕੀ 1 ਨਵੰਬਰ ਨੂੰ ਹੋਣ ਵਾਲੇ ਪ੍ਰੋਗਰਾਮ ਲਈ ਜਗ੍ਹਾ ਉਪਲਬਧ ਹੋ ਸਕਦੀ ਹੈ ਜਾਂ ਨਹੀਂ। ਇਸ ਸਬੰਧੀ ਫੈਸਲਾ ਯੂਟੀ ਚੰਡੀਗੜ੍ਹ ਦੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਕੱਤਰ ਪੱਧਰ ਦੇ ਅਧਿਕਾਰੀ ਬੁੱਧਵਾਰ ਨੂੰ ਲੈਣਗੇ। ਇਸ ਵੇਲੇ ਇਹ ਨਿਯਮ ਹੈ ਕਿ ਟੈਗੋਰ ਥੀਏਟਰ ਵਿੱਚ ਕੋਈ ਵੀ ਸਿਆਸੀ ਪ੍ਰੋਗਰਾਮ ਜਾਂ ਗਤੀਵਿਧੀਆਂ ਆਯੋਜਿਤ ਕਰਨ ਦੀ ਇਜਾਜ਼ਤ ਨਹੀਂ ਹੈ।

ਦੂਜੇ ਪਾਸੇ ਸੂਬਾ ਸਰਕਾਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦੀ ਤਰਫੋਂ ਖੁੱਲੀ ਬਹਿਸ ਪ੍ਰੋਗਰਾਮ ਵਿੱਚ ਉਦਯੋਗਪਤੀਆਂ ਅਤੇ ਸੂਬੇ ਦੀਆਂ ਹੋਰ ਉੱਘੀਆਂ ਸਮਾਜਿਕ ਸ਼ਖਸੀਅਤਾਂ ਨੂੰ ਵੀ ਬੁਲਾਇਆ ਜਾਵੇਗਾ, ਜੋ ਮੁੱਖ ਮੰਤਰੀ ਦੇ ਨਾਲ-ਨਾਲ ਵਿਰੋਧੀ ਧਿਰ ਦੇ ਨੇਤਾਵਾਂ ਦੇ ਸਵਾਲਾਂ ਦੇ ਜਵਾਬ ਵਿੱਚ ਮਿਸਾਲਾਂ ਕਾਇਮ ਕਰਨਗੇ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਿਰੋਧੀਆਂ ਨੂੰ ਖੁੱਲ੍ਹਾ ਚੈਲੰਜ ਦਿੱਤਾ ਹੈ। ਉਨ੍ਹਾਂ ਨੇ ਇਸ ਸਬੰਧ ‘ਚ ਟਵੀਟ ਕੀਤਾ ਹੈ। ਸੀ.ਐਮ. ਮਾਨ ਨੇ ਟਵੀਟ ਕਰਕੇ ਕਿਹਾ ਸੀ ਕਿ ”ਮੇਰਾ ਭਾਜਪਾ ਪ੍ਰਧਾਨ ਜਾਖੜ ਜੀ, ਕਾਂਗਰਸ ਦੇ ਰਾਜਾ ਵੜਿੰਗ-ਪ੍ਰਤਾਪ ਬਾਜਵਾ ਨੂੰ ਖੁੱਲ੍ਹਾ ਸੱਦਾ ਹੈ ਕਿ ਰੋਜ਼-ਰੋਜ਼ ਦੀ ਕਿੱਚ ਕਿੱਚ ਨਾਲੋਂ ਆਜੋ ਆਪਾਂ ਪੰਜਾਬੀਆਂ ਅਤੇ ਮੀਡੀਆ ਸਾਹਮਣੇ ਬੈਠ ਕੇ ਪੰਜਾਬ ਨੂੰ ਹੁਣ ਤੱਕ ਕੀਹਨੇ ਕਿਵੇਂ ਲੁੱਟਿਆ, ਭਾਈ-ਭਤੀਜੇ ਸਾਲੇ-ਜੀਜੇ, ਮਿੱਤਰ ਮੁਲਾਹਜ਼ੇ, ਟੋਲ ਪਲਾਜੇ, ਜਵਾਨੀ ਕਿਸਾਨੀ, ਵਪਾਰ-ਦੁਕਨਦਾਰ, ਗੁਰੂਆਂ ਦੀ ਬਾਣੀ, ਨਹਿਰਾਂ ਦਾ ਪਾਣੀ..ਸਾਰੇ ਮੁੱਦਿਆਂ ਤੇ ਲਾਈਵ ਬਹਿਸ ਕਰੀਏ..।