05/07/2024 1:38 AM

ਮਨਪ੍ਰੀਤ ਬਾਦਲ ਦੇ ਸਾਲੇ ਘਰ ਵਿਜੀਲੈਂਸ ਦੀ ਰੇਡ

ਬਠਿੰਡਾ ਦੀ ਲੈਂਡ ਅਲਾਟਮੈਂਟ ਕੇਸ ਵਿਚ ਫਸੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਦੀ ਭਾਲ ਵਿਚ ਵਿਜੀਲੈਂਸ ਬਿਊਰੋ ਨੇ ਉਨ੍ਹਾਂ ਦੇ ਰਿਸ਼ਤੇਦਾਰਾਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਬੁੱਧਵਾਰ ਸ਼ਾਮ ਤਕਰੀਬਨ 4 ਵਜੇ ਵਿਜੀਲੈਂਸ ਨੇ ਚੰਡੀਗੜ੍ਹ ਦੇ ਸੈਕਟਰ 7 ਸਥਿਤ ਮਨਪ੍ਰੀਤ ਬਾਦਲ ਦੇ ਸਾਲੇ ਜੈਜੀਤ ਸਿੰਘ ਜੌਹਲ ਉਰਫ਼ ਜੋਜੋ ਦੇ 2 ਘਰਾਂ ‘ਤੇ ਰੇਡ ਮਾਰੀ।

ਹਾਲਾਂਕਿ ਇਸ ਸਬੰਧੀ ਵਿਜੀਲੈਂਸ ਨੇ ਦੇਰ ਸ਼ਾਮ ਤਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ। ਦੂਜੇ ਪਾਸੇ ਐੱਫ.ਆਈ.ਆਰ. ਦਰਜ ਹੋਣ ਤੋਂ ਬਾਅਦ ਵਿਜੀਲੈਂਸ ਦੀਆਂ ਟੀਮਾਂ ਕਈ ਦਿਨਾਂ ਤੋਂ ਫ਼ਰਾਰ ਚੱਲ ਰਹੇ ਮਨਪ੍ਰੀਤ ਦੀ ਭਾਲ ਵਿਚ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਵਿਜੀਲੈਂਸ ਦੀ ਟੀਮ ਬੁੱਧਵਾਰ ਸ਼ਾਮ 4 ਵਜੇ ਦੇ ਕਰੀਬ ਸਰਚ ਵਾਰੰਟ ਲੈ ਕੇ ਜੋਜੋ ਦੇ ਘਰ ਪਹੁੰਚੀ। ਉਨ੍ਹਾਂ ਨੇ ਜਾਂਦੇ ਹੀ ਜੋਜੋ ਦੇ ਘਰ ਦੇ ਕਮਰਿਆਂ ਦੀ ਤਲਾਸ਼ੀ ਲਈ। ਵਿਜੀਲੈਂਸ ਨੇ ਇਹ ਰੇਡ ਸੈਕਟਰ 7 ਵਿਚ ਜੋਜੋ ਦੇ ਮਕਾਨ ਨੰਬਰ 1622 ਅਤੇ 1625 ਵਿਚ ਕੀਤੀ।

ਖਾਲੀ ਹੱਥ ਪਰਤੀ ਟੀਮ

ਸੂਤਰਾਂ ਦਾ ਦਾਅਵਾ ਹੈ ਕਿ ਇਸ ਛਾਪੇਮਾਰੀ ਵਿਚ ਵਿਜੀਲੈਂਸ ਨੂੰ ਜੋਜੋ ਦੇ ਘਰੋਂ ਕੁਝ ਨਹੀਂ ਮਿਲਿਆ। ਵਿਜੀਲੈਂਸ ਟੀਮ ਤਲਾਸ਼ੀ ਲੈਣ ਤੋਂ ਬਾਅਦ ਵਾਪਸ ਪਰਤ ਗਈ। ਦੱਸ ਦਈਏ ਕਿ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਫਸੇ ਮਨਪ੍ਰੀਤ ਬਾਦਲ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਤੋਂ ਇਲਾਵਾ ਹੋਰ ਕਈ ਸੂਬਿਆਂ ‘ਚ ਵੀ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਮਨਪ੍ਰੀਤ ਨੇ ਗ੍ਰਿਫਤਾਰੀ ਤੋਂ ਬਚਣ ਲਈ ਹਾਈਕੋਰਟ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ।