ਜਲੰਧਰ –ਨਾਰਦਰਨ ਰੇਲਵੇ ਦੇ ਪ੍ਰਿੰਸੀਪਲ ਚੀਫ਼ ਇਲੈਕਟ੍ਰੀਕਲ ਇੰਜੀਨੀਅਰ ਆਸ਼ੂਤੋਸ਼ ਪੰਤ ਨੇ ਬੁੱਧਵਾਰ ਨੂੰ ਜਲੰਧਰ ਸਿਟੀ-ਨਵਾਂਸ਼ਹਿਰ-ਜੇਜੋਂ ਦੋਆਬਾ ਦੇ 30 ਕਿਲੋਮੀਟਰ ਦੇ ਏਰੀਏ ਵਿਚ ਇਲੈਕਟ੍ਰਿਕ ਲੋਕੋਮੋਟਿਵ (ਇਲੈਕਟ੍ਰਿਕ ਇੰਜਣ) ਦਾ ਟਰਾਇਲ ਕੀਤਾ, ਜੋਕਿ ਸਫ਼ਲ ਰਿਹਾ। ਜਾਣਕਾਰੀ ਮੁਤਾਬਕ ਟਰਾਇਲ ਤੋਂ ਬਾਅਦ ਉਨ੍ਹਾਂ ਨੇ ਇਸ ਰੂਟ ’ਤੇ ਇਲੈਕਟ੍ਰਿਕ ਟਰੇਨਾਂ ਚਲਾਉਣ ਲਈ ਮਨਜ਼ੂਰੀ ਦੇ ਦਿੱਤੀ। ਵਰਣਨਯੋਗ ਹੈ ਕਿ ਜਲੰਧਰ ਸਿਟੀ-ਨਵਾਂਸ਼ਹਿਰ ਰੇਲ ਸੈਕਸ਼ਨ ਵਿਚ ਬਿਜਲੀਕਰਨ ਦਾ ਕੰਮ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ। ਹੁਣ ਨਵਾਂਸ਼ਹਿਰ ਤੋਂ ਜੇਜੋਂ ਦੋਆਬਾ ਤਕ ਬਾਕੀ ਰਹਿੰਦੇ ਏਰੀਏ ਵਿਚ ਵੀ ਬਿਜਲੀਕਰਨ ਦਾ ਕੰਮ ਕੀਤਾ ਗਿਆ ਹੈ। ਬੀਤੇ ਦਿਨ ਰੇਲਵੇ ਅਧਿਕਾਰੀਆਂ ਨੇ ਆਪਣੇ ਪੱਧਰ ’ਤੇ ਇਸ ਰੂਟ ਦਾ ਟਰਾਇਲ ਕੀਤਾ।
ਬੁੱਧਵਾਰ ਨੂੰ ਨਾਰਦਰਨ ਰੇਲਵੇ ਦੇ ਪ੍ਰਿੰਸੀਪਲ ਚੀਫ਼ ਇਲੈਕਟ੍ਰੀਕਲ ਇੰਜੀਨੀਅਰ ਆਸ਼ੂਤੋਸ਼ ਪੰਤ ਵੱਲੋਂ ਫਾਈਨਲ ਅਪਰੂਵਲ ਲਈ ਨਵਾਂਸ਼ਹਿਰ ਤੋਂ ਜੇਜੋਂ ਦੋਆਬਾ ਤਕ ਦਾ ਇਲੈਕਟ੍ਰੀਕਲ ਲੋਕੋਮੋਟਿਵ ਦਾ ਟਰਾਇਲ ਲਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਰਸਤੇ ਵਿਚ ਲੱਗੇ ਬਿਜਲੀ ਦੇ ਖੰਭਿਆਂ ਅਤੇ ਤਾਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਰੇਲਵੇ ਦੇ ਇੰਜੀਨੀਅਰਿੰਗ, ਇਲੈਕਟ੍ਰੀਕਲ ਅਤੇ ਟੀ. ਆਰ. ਡੀ. ਵਿਭਾਗ ਵੱਲੋਂ ਇਸ ਰੂਟ ਨੂੰ ਪੂਰੀ ਤਰ੍ਹਾਂ ਇਲੈਕਟ੍ਰਿਕ ਟਰੇਨਾਂ ਲਈ ਤਿਆਰ ਕਰ ਦਿੱਤਾ ਗਿਆ ਹੈ। ਹੁਣ ਇਸ ਰੂਟ ’ਤੇ ਇਲੈਕਟ੍ਰਿਕ ਟਰੇਨ ਚਲਾਉਣ ਦੀ ਯੋਜਨਾ ਰੇਲਵੇ ਦੇ ਟਰੈਫਿਕ ਅਤੇ ਆਪ੍ਰੇਟਿੰਗ ਵਿਭਾਗ ਵੱਲੋਂ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਪੀ. ਸੀ. ਈ. ਈ. ਬੁੱਧਵਾਰ ਸਵੇਰੇ ਆਪਣੇ ਵਿਸ਼ੇਸ਼ ਸੈਲੂਨ ਨਾਲ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਪਹੁੰਚ ਗਏ ਸਨ। ਰੇਲਵੇ ਦੇ ਸਥਾਨਕ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਉਸ ਤੋਂ ਬਾਅਦ ਸਵੇਰੇ ਲਗਭਗ 9.15 ਵਜੇ ਉਹ ਨਵਾਂਸ਼ਹਿਰ ਲਈ ਨਿਕਲੇ। ਇਸ ਮੌਕੇ ਉਨ੍ਹਾਂ ਨਾਲ ਫਿਰੋਜ਼ਪੁਰ ਰੇਲ ਮੰਡਲ ਏ. ਡੀ. ਆਰ. ਐੱਸ. (ਇਨਫਰਾ) ਸਮੇਤ ਕਈ ਅਧਿਕਾਰੀ ਮੌਜੂਦ ਸਨ। ਟਰਾਇਲ ਤੋਂ ਬਾਅਦ ਪੀ. ਸੀ. ਈ. ਈ. ਨਵਾਂਸ਼ਹਿਰ ਤੋਂ ਹੀ ਲੁਧਿਆਣਾ ਲਈ ਰਵਾਨਾ ਹੋ ਗਏ।