ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਦੇ ਨਾਂ ’ਤੇ ਇਕ ਮੰਗ ਪੱਤਰ ਉਨ੍ਹਾਂ ਦੇ ਸਲਾਹਕਾਰ ਤਰੁਣ ਕੁਮਾਰ ਨੂੰ ਸੌਂਪਿਆ, ਜਿਸ ਵਿੱਚ ਉਨ੍ਹਾਂ ਕੈਨੇਡਾ ਵਿੱਚ ਰਹਿਣ ਵਾਲੇ ਭਾਰਤੀਆਂ ਨੂੰ ਵੀਜ਼ਾ ਸੇਵਾਵਾਂ ਪ੍ਰਦਾਨ ਕਰਨ ਦਾ ਮੁੱਦਾ ਉਠਾਇਆ।
ਰਿੰਕੂ ਨੇ ਕਿਹਾ ਕਿ ਪੂਰੇ ਦੇਸ਼ ਖਾਸ ਕਰਕੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਲੋਕ ਕੈਨੇਡਾ ਜਾ ਕੇ ਵੱਸ ਚੁੱਕੇ ਹਨ ਜਿਨ੍ਹਾਂ ਨੇ ਉਥੋਂ ਦੀ ਨਾਗਰਿਕਤਾ ਵੀ ਲੈ ਲਈ ਹੈ ਪਰ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਰੱਦ ਹੋਣ ਦਾ ਅਸਰ ਹੁਣ ਉਨਾਂ ਲੋਕਾਂ ਉਤੇ ਵੀ ਪੈ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਬਹੁਤ ਸਾਰੇ ਲੋਕ ਹਨ ਜੋ ਸਰਦੀਆਂ ਵਿੱਚ ਪੰਜਾਬ ਆਉਂਦੇ ਹਨ । ਕਾਫ਼ੀ ਲੋਕ ਵਿਆਹਾਂ-ਸ਼ਾਦੀਆਂ ਸਮਾਗਮਾਂ ਵਿੱਚ ਹਿੱਸਾ ਲੈਣ ਜਾਂ ਸਿਹਤ ਸੇਵਾਵਾਂ ਲਈ ਆਉਂਦੇ ਹਨ ਪਰ ਵੀਜ਼ਾ ਸੇਵਾਵਾਂ ਰੱਦ ਹੋਣ ਨਾਲ ਉਹ ਭਾਰਤ ਨਹੀਂ ਆ ਪਾ ਰਹੇ।
ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਭਾਰਤੀ ਦੂਤ ਘਰ ਵੱਲੋਂ ਉਥੇ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਬਿਨਾਂ ਕਿਸੀ ਦੇਰੀ ਦੇ ਵੀਜ਼ਾ ਸੇਵਾਵਾਂ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਲੋਕ ਇਥੇ ਆ ਕੇ ਆਪਣੇ ਰਿਸ਼ਤੇਦਾਰਾਂ-ਦੋਸਤਾਂ ਨੂੰ ਮਿਲ ਸਕਣ ਅਤੇ ਆਪਣੇ ਜ਼ਰੂਰੀ ਕੰਮ ਕਰ ਸਕਣ। ਰਿੰਕੂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਹੱਲ ਕਰਨ ਕਿਉਂਕਿ ਇਹ ਵੱਡੀ ਗਿਣਤੀ ਕੈਨੇਡਾ ਵਿੱਚ ਰਹਿਣ ਵਾਲੇ ਭਾਰਤੀਆਂ ਦੇ ਹਿੱਤ ਨਾਲ ਜੁੜਿਆ ਹੋਇਆ ਹੈ।