02/24/2024 7:54 AM

ਕੈਨੇਡਾ ਨੇ ਚੰਡੀਗੜ੍ਹ ਸਥਿਤ ਆਪਣੇ ਵੀਜ਼ਾ ਐਪਲੀਕੇਸ਼ਨ ਸੈਂਟਰ ਦੀ ਸੇਵਾ ਨੂੰ ਕੀਤਾ ਬੰਦ

ਪਿਛਲੇ ਕਈ ਦਿਨਾਂ ਤੋਂ ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਵਿਵਾਦ ਦੇ ਦਰਮਿਆਨ ਚੰਡੀਗੜ੍ਹ ਸਥਿਤ ਕੌਂਸਲੇਟ ਜਨਰਲ ਆਫ ਕੈਨੇਡਾ ਦਫਤਰ (Consulate General of Canada Office) ਵੱਲੋਂ ਵੀਜ਼ਾ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਹੁਣ ਇਹ ਸੇਵਾ ਦਿੱਲੀ ਵਿੱਚ ਕੈਨੇਡਾ ਦੇ ਹਾਈ ਕਮਿਸ਼ਨ ਦੇ ਦਫ਼ਤਰ ਵਿੱਚ ਉਪਲਬਧ ਹੋਵੇਗੀ।

ਦਫ਼ਤਰ ਦੇ ਦਰਵਾਜ਼ੇ ’ਤੇ ਚਿਪਕਾਇਆ ਨੋਟਿਸ, ਲਿਖੀ ਇਹ ਗੱਲ

ਚੰਡੀਗੜ੍ਹ ਇੰਡਸਟਰੀਅਲ ਏਰੀਆ ਫੇਜ਼-1 ਵਿੱਚ ਇੱਕ ਵੱਡੇ ਮਾਲ ਦੀ ਚੌਥੀ ਮੰਜ਼ਿਲ ’ਤੇ ਸਥਿਤ ਦਫ਼ਤਰ ਦੇ ਦਰਵਾਜ਼ੇ ’ਤੇ ਇੱਕ ਨੋਟਿਸ ਚਿਪਕਾਇਆ ਗਿਆ ਹੈ। ਇਸ ‘ਤੇ ਲਿਖਿਆ ਹੈ ਕਿ ਚੰਡੀਗੜ੍ਹ ਸਥਿਤ ਕੈਨੇਡਾ ਦੇ ਕੌਂਸਲੇਟ ਜਨਰਲ ਦੀਆਂ ਕੌਂਸਲਰ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਕਿਰਪਾ ਕਰਕੇ ਕੈਨੇਡਾ ਦੇ ਹਾਈ ਕਮਿਸ਼ਨ, 7/8, ਸ਼ਾਂਤੀ ਮਾਰਗ, ਚਾਣਕਿਆਪੁਰੀ, ਨਵੀਂ ਦਿੱਲੀ ਵਿੱਚ ਕੌਂਸਲੇਟ ਸੈਕਸ਼ਨ ਨਾਲ ਸੰਪਰਕ ਕਰੋ। ਫਿਲਹਾਲ ਇਹ ਨਹੀਂ ਦੱਸਿਆ ਗਿਆ ਹੈ ਕਿ ਚੰਡੀਗੜ੍ਹ ਵਿੱਚ ਇਹ ਸੇਵਾਵਾਂ ਕਦੋਂ ਸ਼ੁਰੂ ਹੋਣਗੀਆਂ।

ਕੈਨੇਡਾ ਦਾ ਵੀਜ਼ਾ ਲੈਣ ਆਉਂਦੇ ਸਨ ਵਿਦਿਆਰਥੀ 

ਦੱਸ ਦੇਈਏ ਕਿ ਕਈ ਉਮੀਦਵਾਰ ਆਪਣੇ ਦਸਤਾਵੇਜ਼ ਅਤੇ ਬਾਇਓਮੈਟ੍ਰਿਕ ਫਿੰਗਰਪ੍ਰਿੰਟ ਦੇਣ ਲਈ ਵੀਜ਼ਾ ਸੁਵਿਧਾ ਸੇਵਾ ਕੇਂਦਰ ਪਹੁੰਚਦੇ ਸਨ। ਇਹ ਕੇਂਦਰ ਜ਼ਮੀਨੀ ਮੰਜ਼ਿਲ ‘ਤੇ ਹੈ। ਇੱਥੇ ਕਈ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ ਦਾ ਵੀਜ਼ਾ ਲਗਵਾਉਣ ਲਈ ਆਉਂਦੇ ਸਨ। ਚੰਡੀਗੜ੍ਹ ਤੋਂ ਇਲਾਵਾ ਮੁੰਬਈ ਅਤੇ ਬੈਂਗਲੁਰੂ ਵਿੱਚ ਵੀ ਇਹ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਪੰਜਾਬ ਦੇ ਬਹੁਤ ਸਾਰੇ ਨੌਜਵਾਨ ਪੜ੍ਹਾਈ ਲਈ ਕੈਨੇਡਾ ਜਾਂਦੇ ਹਨ। ਬਹੁਤ ਸਾਰੇ ਪੰਜਾਬੀਆਂ ਦੇ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ ਉਥੇ ਵਸੇ ਹੋਏ ਹਨ। ਵੀਜ਼ਾ ਲਈ ਬਹੁਤ ਸਾਰੇ ਬਿਨੈਕਾਰ ਉਨ੍ਹਾਂ ਨੂੰ ਮਿਲਣ ਲਈ ਇੱਥੇ ਆਉਂਦੇ ਹਨ।