03/01/2024 5:38 AM

ਜੇਵਲਿਨ ਥ੍ਰੋਅ ‘ਚ ਭਾਰਤ ਦੇ ਸੁਮਿਤ ਅੰਤਿਲ ਨੇ ਜਿੱਤਿਆ ਗੋਲਡ ਮੈਡਲ, ਤੋੜਿਆ ਵਰਲਡ ਰਿਕਾਰਡ

ਸੁਮਿਤ ਅੰਤਿਲ ਅਤੇ ਪੁਸ਼ਪੇਂਦਰ ਸਿੰਘ ਨੇ ਚੌਥੀ ਏਸ਼ੀਅਨ ਪੈਰਾ ਖੇਡਾਂ ਦੇ ਤੀਜੇ ਦਿਨ ਪੁਰਸ਼ਾਂ ਦੇ ਜੈਵਲਿਨ ਥਰੋਅ – F64 ਦੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸੋਨੇ ਅਤੇ ਕਾਂਸੀ ਦੇ ਤਗਮੇ ਜਿੱਤੇ।

ਸੁਮਿਤ ਅੰਤਿਲ ਨੇ 73.29 ਮੀਟਰ ਦੀ ਥਰੋਅ ਨਾਲ ਏਸ਼ੀਅਨ ਪੈਰਾ ਖੇਡਾਂ ਦਾ ਰਿਕਾਰਡ, ਵਿਸ਼ਵ ਰਿਕਾਰਡ ਅਤੇ ਏਸ਼ਿਆਈ ਰਿਕਾਰਡ ਤੋੜਿਆ। ਸੁਮਿਤ ਨੇ ਦਿਨ ਦੀ ਆਪਣੀ ਤੀਜੀ ਕੋਸ਼ਿਸ਼ ਵਿੱਚ ਇਸ ਮੁਕਾਮ ‘ਤੇ ਪਹੁੰਚ ਕੇ ਸੋਨ ਤਮਗਾ ਜਿੱਤਿਆ। ਸ਼੍ਰੀਲੰਕਾ ਦੇ ਅਰਾਚਿਗੇ ਸਮਿਥ ਨੇ 62.42 ਮੀਟਰ ਥਰੋਅ ਨਾਲ ਚਾਂਦੀ ਦਾ ਤਮਗਾ ਜਿੱਤਿਆ। ਪੁਸ਼ਪੇਂਦਰ ਸਿੰਘ ਨੇ 62.06 ਮੀਟਰ ਥਰੋਅ ਨਾਲ ਕਾਂਸੀ ਦਾ ਤਗਮਾ ਜਿੱਤਿਆ।

ਏਸ਼ਿਆਈ ਪੈਰਾ ਖੇਡਾਂ ਵਿੱਚ ਭਾਰਤ ਨੇ ਹੁਣ ਤੱਕ ਕੁੱਲ 36 ਤਮਗੇ ਜਿੱਤੇ ਹਨ, ਜਿਨ੍ਹਾਂ ਵਿੱਚ 10 ਸੋਨ, 12 ਚਾਂਦੀ ਅਤੇ 14 ਕਾਂਸੀ ਦੇ ਤਮਗੇ ਸ਼ਾਮਲ ਹਨ। ਭਾਰਤ ਪੰਜਵੇਂ ਸਥਾਨ ‘ਤੇ ਹੈ। ਭਾਰਤੀ ਟੀਮ ਪਹਿਲੇ ਦਿਨ ਦੀ ਸਫਲਤਾ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰੇਗੀ ਜਦੋਂ ਉਸ ਨੇ 6 ਸੋਨ, 6 ਚਾਂਦੀ ਅਤੇ 5 ਕਾਂਸੀ ਸਮੇਤ ਕੁੱਲ 17 ਤਮਗੇ ਜਿੱਤੇ ਸਨ।

ਇਸ ਵਾਰ ਭਾਰਤ ਨੇ ਏਸ਼ੀਅਨ ਪੈਰਾ ਖੇਡਾਂ ਲਈ 303 ਐਥਲੀਟਾਂ (191 ਪੁਰਸ਼ ਅਤੇ 113 ਔਰਤਾਂ) ਦੀ ਟੁਕੜੀ ਭੇਜੀ ਹੈ, ਜੋਕਿ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਹੈ। ਯਾਦ ਰਹੇ ਕਿ ਭਾਰਤ ਨੇ 2018 ਦੀਆਂ ਏਸ਼ੀਅਨ ਪੈਰਾ ਖੇਡਾਂ ਲਈ 190 ਐਥਲੀਟਾਂ ਦੀ ਟੀਮ ਭੇਜੀ ਸੀ ਅਤੇ ਕੁੱਲ 72 ਤਗਮੇ ਜਿੱਤੇ ਸਨ। ਇਸ ਵਿੱਚ 15 ਗੋਲਡ ਮੈਡਲ ਸ਼ਾਮਲ ਹੈ।