07/27/2024 12:10 PM

ਦਸੰਬਰ ਵਾਂਗ ਡਿੱਗਿਆ ਪੰਜਾਬ ‘ਚ ਰਾਤਾਂ ਦਾ ਪਾਰਾ, ਜਾਣੋ ਅਗਲੇ ਦਿਨਾਂ ‘ਚ ਮੌਸਮ ਦਾ ਹਾਲ

ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਵਿੱਚ ਆਈ ਤਬਦੀਲੀ ਦਾ ਅਸਰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਰਾਤ ਦਾ ਪਾਰਾ ਦਸੰਬਰ ਵਾਂਗ ਡਿੱਗਣਾ ਸ਼ੁਰੂ ਹੋ ਗਿਆ ਹੈ। ਪੰਜਾਬ ਵਿੱਚ ਮੰਗਲਵਾਰ ਨੂੰ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਸਭ ਤੋਂ ਠੰਢਾ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ ਤਿੰਨ ਡਿਗਰੀ ਸੈਲਸੀਅਸ ਘੱਟ ਸੀ।

ਮੌਸਮ ਵਿਭਾਗ ਮੁਤਾਬਕ ਪੰਜਾਬ ਦਾ ਮੌਸਮ ਅੱਜ ਵੀ ਠੰਢਾ ਰਹੇਗਾ ਕਿਉਂਕਿ ਸੂਬੇ ਵਿੱਚ ਕਈ ਥਾਵਾਂ ’ਤੇ ਹਲਕੀ ਬਾਰਿਸ਼ ਅਤੇ ਬੱਦਲਵਾਈ ਰਹੇਗੀ। ਅਜਿਹੇ ‘ਚ ਮੀਂਹ ਕਾਰਨ ਤਾਪਮਾਨ ‘ਚ ਗਿਰਾਵਟ ਆ ਸਕਦੀ ਹੈ। ਮੌਸਮ ਵਿਗਿਆਨੀਆਂ ਅਨੁਸਾਰ ਪੰਜਾਬ ਵਿੱਚ ਅਗਲੇ ਪੰਜ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ। ਇਸ ਦੌਰਾਨ ਹਲਕੀ ਬਾਰਿਸ਼ ਅਤੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ।

ਇਸ ਦੇ ਨਾਲ ਹੀ ਸੂਬੇ ‘ਚ ਪਿਛਲੇ ਹਫਤੇ ਹੋਈ ਬਾਰਿਸ਼ ਤੋਂ ਬਾਅਦ ਮੌਸਮ ‘ਚ ਬਦਲਾਅ ਆਇਆ ਹੈ। ਰਾਤਾਂ ਹੁਣ ਠੰਢੀਆਂ ਹੋਣ ਲੱਗ ਪਈਆਂ ਹਨ, ਜਦੋਂ ਕਿ ਦਿਨ ਵੇਲੇ ਵੀ ਤਾਪਮਾਨ ਡਿੱਗਣਾ ਸ਼ੁਰੂ ਹੋ ਗਿਆ ਹੈ। ਸੋਮਵਾਰ ਨੂੰ ਪਠਾਨਕੋਟ, ਰੋਪੜ ਅਤੇ ਐਸਬੀਐਸ ਨਗਰ ਵਿੱਚ ਘੱਟੋ-ਘੱਟ ਤਾਪਮਾਨ ਸਭ ਤੋਂ ਘੱਟ ਰਿਹਾ।

ਰੋਪੜ ਵਿੱਚ ਘੱਟੋ-ਘੱਟ ਤਾਪਮਾਨ 13.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗੁਰਦਾਸਪੁਰ ‘ਚ ਘੱਟੋ-ਘੱਟ ਤਾਪਮਾਨ 14 ਡਿਗਰੀ ਸੈਲਸੀਅਸ, ਮੋਗਾ ‘ਚ 14.6 ਡਿਗਰੀ ਅਤੇ ਚੰਡੀਗੜ੍ਹ ‘ਚ 14.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਾਕੀ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 15 ਤੋਂ 16 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ।

ਚੰਡੀਗੜ੍ਹ ਮੌਸਮ ਵਿਭਾਗ ਅਨੁਸਾਰ 28 ਅਕਤੂਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ 2-3 ਦਿਨਾਂ ਤੱਕ ਸੂਬੇ ਵਿੱਚ ਰੁਕ-ਰੁਕ ਕੇ ਮੀਂਹ ਪੈ ਸਕਦਾ ਹੈ। । ਹਾਲਾਂਕਿ ਇਸ ਦੌਰਾਨ ਹਿਮਾਚਲ ਪ੍ਰਦੇਸ਼ ‘ਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਪੰਜਾਬ ‘ਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ 29 ਅਕਤੂਬਰ ਨੂੰ ਬੱਦਲਵਾਈ ਰਹਿ ਸਕਦੀ ਹੈ। ਨਵੰਬਰ ਦੇ ਪਹਿਲੇ ਹਫ਼ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।