07/27/2024 12:05 PM

ਤਰਨਤਾਰਨ ‘ਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ, ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ

ਪੰਜਾਬ ਦੇ ਤਰਨਤਾਰਨ ‘ਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਖੇਮਕਰਨ ‘ਚ ਗੁਟਕਾ ਸਾਹਿਬ ਦੇ ਪਾਟੇ ਹੋਏ ਅੰਗ ਮਿਲਣ ਤੋਂ ਬਾਅਦ ਨਜ਼ਦੀਕੀ ਗੁਰਦੁਆਰਾ ਸਾਹਿਬ ਨੂੰ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਤਰਨਤਾਰਨ ਦੇ ਖੇਮਕਰਨ ਦੇ ਪਿੰਡ ਖਾਲੜਾ ਦੀ ਹੈ।

ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਰਣਜੀਤ ਸਿੰਘ ਰਾਤ ਨੂੰ ਟਿਊਸ਼ਨ ਤੋਂ ਘਰ ਪਰਤ ਰਿਹਾ ਸੀ। ਇਸ ਦੌਰਾਨ ਉਸ ਨੂੰ ਗੁਟਕਾ ਸਾਹਿਬ ਸੁਖਮਨੀ ਸਾਹਿਬ ਦੇ ਅੰਗ ਗਲੀ ਵਿੱਚ ਗਟਰ ’ਤੇ ਪਏ ਮਿਲੇ। ਇਸ ਤੋਂ ਬਾਅਦ ਉਹ ਘਰ ਗਿਆ ਅਤੇ ਪਰਿਵਾਰ ਨੂੰ ਸੂਚਿਤ ਕੀਤਾ। ਰਣਜੀਤ ਸਿੰਘ ਨੇ ਦੱਸਿਆ ਕਿ ਗੁਟਕਾ ਸਾਹਿਬ ਦੇ 15-16 ਅੰਗ ਸਨ, ਜੋ ਖਿੱਲਰੇ ਹੋਏ ਸਨ।

ਇਸ ਤੋਂ ਬਾਅਦ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਜਿਨ੍ਹਾਂ ਨੇ ਅੰਗਾਂ ਨੂੰ ਇਕੱਠਾ ਕਰਕੇ ਸੁਰੱਖਿਅਤ ਰੱਖਿਆ। ਮਾਮਲੇ ਦੀ ਜਾਂਚ ਲਈ ਪਹੁੰਚੀ ਪੁਲਿਸ ਨੇ ਹੈੱਡ ਗ੍ਰੰਥੀ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ 295ਏ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਆਸ-ਪਾਸ ਦੇ ਕੈਮਰਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦਾ ਕੋਈ ਸੁਰਾਗ ਮਿਲ ਸਕੇ।