04/29/2024 2:20 PM

ਵਿਜੀਲੈਂਸ ਵੱਲੋਂ ਮਨਪ੍ਰੀਤ ਬਾਦਲ ਨੂੰ ਮੁੜ ਸੰਮਨ ਜਾਰੀ

Bathinda ਲੱਖਾਂ ਰੁਪਏ ਦੇ ਪਲਾਟ ਖਰੀਦ ਘਪਲੇ ਦਾ ਸਾਹਮਣਾ ਕਰ ਰਹੇ ਮਨਪ੍ਰੀਤ ਬਾਦਲ ਨੂੰ ਵਿਜੀਲੈਂਸ ਨੇ ਮੁੜ ਸੰਮਨ ਜਾਰੀ ਕੀਤੇ ਹਨ। ਹੁਣ ਉਨ੍ਹਾਂ ਨੂੰ 31 ਅਕਤੂਬਰ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਮਨਪ੍ਰੀਤ ਬਾਦਲ ਇਸ ਮਾਮਲੇ ‘ਚ ਅੰਤਰਿਮ ਜ਼ਮਾਨਤ ‘ਤੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 23 ਅਕਤੂਬਰ ਨੂੰ ਬੁਲਾਇਆ ਗਿਆ ਸੀ ਪਰ ਪਿੱਠ ’ਚ ਦਰਦ ਹੋਣ ਕਾਰਨ ਅਤੇ ਇਲਾਜ ਲਈ ਪੀ.ਜੀ.ਆਈ. ’ਚ ਦਾਖ਼ਲ ਹੋਣ ਕਾਰਨ ਉਹ ਪੇਸ਼ ਨਹੀਂ ਹੋਏ।

ਉਨ੍ਹਾਂ ਦੇ ਵਕੀਲ ਸੁਖਦੀਪ ਸਿੰਘ ਭਿੰਡਰ ਨੇ ਮਨਪ੍ਰੀਤ ਬਾਦਲ ਦਾ ਪਾਸਪੋਰਟ ਅਤੇ ਇਲਾਜ ਦਾ ਸਰਟੀਫਿਕੇਟ ਵਿਜੀਲੈਂਸ ਨੂੰ ਸੌਂਪ ਦਿੱਤਾ ਸੀ। ਵਕੀਲ ਨੇ ਦੱਸਿਆ ਕਿ ਮਨਪ੍ਰੀਤ ਬਾਦਲ ਪਿੱਠ ਦੀ ਬਿਮਾਰੀ ਤੋਂ ਪੀੜਤ ਹਨ, ਜਿਸ ਕਾਰਨ ਉਹ ਤੁਰਨ-ਫਿਰਨ ਤੋਂ ਅਸਮਰੱਥ ਹਨ। ਉਨ੍ਹਾਂ ਇਹ ਵੀ ਕਿਹਾ ਸੀ ਕਿ ਜੇਕਰ ਵਿਜੀਲੈਂਸ ਚਾਹੇ ਤਾਂ ਚੰਡੀਗੜ੍ਹ ਜਾ ਕੇ ਪੁੱਛਗਿੱਛ ਕਰ ਸਕਦੀ ਹੈ ਪਰ ਵਿਜੀਲੈਂਸ ਨਹੀਂ ਮੰਨੀ। ਮਨਪ੍ਰੀਤ ਬਾਦਲ ਦੇ 31 ਅਕਤੂਬਰ ਨੂੰ ਪੇਸ਼ ਹੋਣ ‘ਤੇ ਵੀ ਸ਼ੱਕ ਬਰਕਰਾਰ ਹੈ ਕਿਉਂਕਿ ਉਹ ਅਜੇ ਇਲਾਜ ਅਧੀਨ ਹੈ।

ਜ਼ਿਕਰਯੋਗ ਹੈ ਕਿ ਵਿਜੀਲੈਂਸ ਉਸ ਕੋਲੋਂ 65 ਲੱਖ ਰੁਪਏ ਦੇ ਪਲਾਟ ਖਰੀਦ ਘਪਲੇ ਨਾਲ ਸਬੰਧਤ ਕਈ ਸਵਾਲਾਂ ਦੇ ਜਵਾਬ ਚਾਹੁੰਦੀ ਹੈ ਪਰ ਨੋਟਿਸ ਮਿਲਣ ਦੇ ਬਾਵਜੂਦ ਉਹ ਪੇਸ਼ ਨਹੀਂ ਹੋਏ, ਜਦਕਿ ਉਹ ਕਹਿ ਰਹੇ ਹਨ ਕਿ ਉਹ ਪਿੱਠ ਦਰਦ ਦਾ ਇਲਾਜ ਕਰਵਾ ਰਹੇ ਹਨ। ਇਸ ਮਾਮਲੇ ਵਿੱਚ ਬਾਦਲ ਸਮੇਤ ਵਿਕਾਸ ਅਰੋੜਾ, ਅਮਨਦੀਪ ਅਤੇ ਰਾਜੀਵ ਗਰਗ ਸਮੇਤ ਕੁਲ 6 ਮੁਲਜ਼ਮ ਸਨ, ਜਦਕਿ ਬਾਕੀ 2 ਮੁਲਜ਼ਮਾਂ ਵਿੱਚ ਬੀਡੀਏ ਦੇ ਤਤਕਾਲੀ ਇੰਚਾਰਜ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਸੁਪਰਡੈਂਟ ਪੰਕਜ ਕਾਲੀਆ ਸ਼ਾਮਲ ਸਨ।

ਮਨਪ੍ਰੀਤ ਬਾਦਲ ਦੇ ਵਕੀਲ ਭਿੰਡਰ ਦਾ ਕਹਿਣਾ ਹੈ ਕਿ ਮਨਪ੍ਰੀਤ ਬਾਦਲ ਪਿਛਲੇ ਕਾਫੀ ਸਮੇਂ ਤੋਂ ਪਿੱਠ ਦਰਦ ਤੋਂ ਪੀੜਤ ਹਨ ਅਤੇ ਉਹ ਤੁਰਨ-ਫਿਰਨ ਤੋਂ ਵੀ ਅਸਮਰੱਥ ਹਨ। ਉਨ੍ਹਾਂ ਦੀ ਨਿੱਜੀ ਹਾਲਤ ਵਿੱਚ ਛੋਟ ਲਈ ਮੈਡੀਕਲ ਦਸਤਾਵੇਜ਼ ਵਿਜੀਲੈਂਸ ਵਿਭਾਗ ਕੋਲ ਜਮ੍ਹਾ ਕਰਵਾ ਦਿੱਤੇ ਗਏ ਹਨ ਅਤੇ ਉਨ੍ਹਾਂ ਦਾ ਇਲਾਜ ਪੀ.ਜੀ.ਆਈ. ਵਿਖੇ ਚੱਲ ਰਿਹਾ ਹੈ।