ਪਹਿਲੇ ਪੜਾਅ ਦੌਰਾਨ ਪੇਂਡੂ ਖੇਤਰ ਨਾਲ ਸੰਬੰਧਿਤ ਇਲਾਕਿਆਂ ਵਿੱਚ ਜਾਵੇਗੀ ਜਾਗਰੂਕਤਾ ਵੈਨ
ਬਟਾਲਾ (ਬੱਬਲੂ) ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਦੇਸ਼ਵਾਸੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਅਨੇਕਾਂ ਲੋਕ ਭਲਾਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਨਾਂ ਦਾ ਨਿਰੰਤਰ ਲਾਭ ਕਰੋੜਾਂ ਦੇਸ਼ਵਾਸੀਆਂ ਨੂੰ ਮਿਲ ਰਿਹਾ ਹੈ ਪਰ ਕਈ ਰਾਜਾਂ ਵਿੱਚ ਜਿੱਥੇ ਗੈਰ ਬੀਜੇਪੀ ਸਰਕਾਰਾਂ ਹਨ ਉਥੋਂ ਦੀਆਂ ਸਰਕਾਰਾਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਆਪਣੀ ਸਰਕਾਰ ਦੀਆਂ ਯੋਜਨਾਵਾ ਦੱਸ ਕੇ ਸਿਆਸੀ ਲਾਹਾ ਲੈ ਰਹੀਆਂ ਹਨ ਜਿਸ ਬਾਰੇ ਹੁਣ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਗਿੱਲ ਨੇ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਘਰ ਘਰ ਤੱਕ ਪਹੁੰਚਾਉਣ ਲਈ ਇਹ ਜਾਗਰੂਕਤਾ ਵੈਨ ਦੇਸ਼ ਦੇ ਕੋਨੇ ਕੋਨੇ ਵਿੱਚ ਜਾਵੇਗੀ ਅਤੇ ਹਰ ਘਰ ਨਾਲ ਸੰਪਰਕ ਕਰੇਗੀ ਜਿਸਦੇ ਪਹਿਲੇ ਪੜਾਅ ਦੌਰਾਨ ਇਹ ਜਾਗਰੂਕਤਾ ਵੈਨ ਪੇਂਡੂ ਇਲਾਕਿਆਂ ਵਿੱਚ ਜਾ ਕੇ ਲੋਕਾਂ ਦੀਆਂ ਛੋਟੀਆਂ ਛੋਟੀਆਂ ਨੁਕੜ ਮੀਟਿੰਗਾਂ ਕਰਕੇ ਲੋਕਾਂ ਨੂੰ ਇਹਨਾਂ ਸਕੀਮਾਂ ਬਾਰੇ ਜਾਗਰੂਕ ਕਰੇਗੀ ਅਤੇ ਕਿਸ ਤਰ੍ਹਾਂ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈਣਾ ਹੈ ਉਸ ਬਾਰੇ ਵਿਸਤਾਰ ਨਾਲ ਜਾਣਕਾਰੀ ਮੁਹਈਆ ਕਰਾਏਗੀ।
ਗਿੱਲ ਨੇ ਦੱਸਿਆ ਕਿ ਇਸ ਜਾਗਰੂਕਤਾ ਵੈਨ ਵਿੱਚ ਸਰਕਾਰ ਨਾਲ ਸੰਬੰਧਿਤ ਸਕੀਮਾਂ ਦੀ ਸਾਰੀ ਸਮਗਰੀ ਡਿਜਟਲ ਰੂਪ ਵਿੱਚ ਹੋਵੇਗੀ ਜੋ ਹਰੇਕ ਖੇਤਰ ਵਿੱਚ ਲੋਕਾਂ ਦੇ ਜੁੜੇ ਇਕੱਠ ਵਿੱਚ ਪ੍ਰਦਰਸ਼ਨ ਵੀ ਕੀਤੀ ਜਾਵੇਗੀ ਜਿਸ ਨਾਲ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਆਸਾਨੀ ਨਾਲ ਸਮਝਣ ਵਿੱਚ ਲੋਕਾਂ ਨੂੰ ਲਾਭ ਮਿਲੇਗਾ।
ਗਿੱਲ ਨੇ ਦੱਸਿਆ ਕਿ ਇਸ ਜਾਗਰੂਕਤਾ ਵੈਨ ਰਾਹੀਂ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਜਿਹਨਾਂ ਵਿੱਚ ਆਯੁਸ਼ਮਾਨ ਭਾਰਤ, ਪੀਐਮ ਗਰੀਬ ਕਲਿਆਣ ਅੰਨ ਯੋਜਨਾ, ਦੀਨ ਦਿਆਲ ਅੰਤੋਧਿਆ ਯੋਜਨਾ , ਪੀਐਮ ਅਵਾਸ ਯੋਜਨਾ, ਪੀਐਮ ਉਜਵਲਾ ਯੋਜਨਾ, ਪੀਐਮ ਵਿਸ਼ਵਕਰਮਾ ਯੋਜਨਾ, ਕਿਸਾਨ ਕ੍ਰੈਡਿਟ ਕਾਰਡ, ਪੀਐਮ ਪੋਸ਼ਣ ਅਭਿਆਨ ਯੋਜਨਾ, ਹਰ ਘਰ ਜਲ, ਜੀਵਨ ਮਿਸ਼ਨ, ਜਨ ਧਨ ਯੋਜਨਾ, ਜੀਵਨ ਜੋਤੀ ਬੀਮਾ ਯੋਜਨਾ, ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ, ਸੁਰੱਖਿਆ ਬੀਮਾ ਯੋਜਨਾ, ਅਟਲ ਪੈਨਸ਼ਨ ਯੋਜਨਾ, ਪੀਐਮ ਪ੍ਰਣਾਮ ਯੋਜਨਾ, ਨੈਨੋ ਫਰਟੀ ਲਾਈਜਰ ਯੋਜਨਾ ਆਦਿ ਬਾਰੇ ਹਰੇਕ ਘਰ ਤੱਕ ਪਹੁੰਚ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਦੇਸ਼ ਦੇ ਹੇਠਲੇ ਪੱਧਰ ਤੱਕ ਰਹਿਣ ਵਾਲੇ ਲੋਕ ਵੀ ਇਹਨਾਂ ਯੋਜਨਾਵਾਂ ਦਾ ਲਾਭ ਲੈ ਕੇ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕਣ।