ਅਗਲੇ ਸਾਲ G-20 ਸਿਖਰ ਸੰਮੇਲਨ 2023 ਭਾਰਤ ਵਿੱਚ ਹੋਣ ਜਾ ਰਿਹਾ ਹੈ ਪਰ ਇਹ ਸਿਖਰ ਸੰਮੇਲਨ ਅੰਮ੍ਰਿਤਸਰ ਵਿੱਚ ਹੋ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ 3 ਦਸੰਬਰ 2016 ਤੋਂ ਬਾਅਦ ਇਹ ਪਹਿਲੀ ਅੰਤਰਰਾਸ਼ਟਰੀ ਪੱਧਰ ਦੀ ਕਾਨਫਰੰਸ ਹੋਵੇਗੀ।
2016 ਵਿੱਚ ਭਾਰਤ ਅਤੇ ਅਫਗਾਨਿਸਤਾਨ ਦੇ ਸਬੰਧਾਂ ਨੂੰ ਲੈ ਕੇ ਇੱਕ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਸੀ ਪਰ G-20 ਕਾਨਫਰੰਸ ਵਿੱਚ 20 ਦੇਸ਼ਾਂ ਦੇ ਪ੍ਰਤੀਨਿਧੀ ਅੰਮ੍ਰਿਤਸਰ ਪਹੁੰਚਣਗੇ। ਇਸ ਦੇ ਨਾਲ ਹੀ ਕਾਨਫਰੰਸ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਨਗਰ ਨਿਗਮ ਅਤੇ ਡੀਸੀ ਦਫ਼ਤਰ ਵਿੱਚ ਮੀਟਿੰਗਾਂ ਚੱਲ ਰਹੀਆਂ ਹਨ।
ਮਿਲੀ ਜਾਣਕਾਰੀ ਮੁਤਾਬਿਕ ਮੀਟਿੰਗਾਂ ‘ਚ ਜ਼ਿੰਮੇਵਾਰੀਆਂ ਅਤੇ ਕੰਮਾਂ ਬਾਰੇ ਵੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਸਮੇਂ ਸ਼ਹਿਰ ਵਿੱਚ ਸਫਾਈ ਵਿਵਸਥਾ ਨੂੰ ਬਿਹਤਰ ਬਣਾਉਣ ਅਤੇ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਨੂੰ ਖਤਮ ਕਰਨ ਲਈ ਬਾਇਓ-ਮੇਡੀਏਸ਼ਨ ਦਾ ਕੰਮ ਖ਼ਤਮ ਕਰਨ ਲਈ ਵੀ ਜ਼ੋਰ ਦਿੱਤਾ ਗਿਆ ਹੈ।
ਪ੍ਰਦੂਸ਼ਣ ਬੋਰਡ ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ
ਸਫਾਈ ਲਈ ਨਗਰ ਨਿਗਮ ਦੇ ਨਾਲ-ਨਾਲ ਪ੍ਰਦੂਸ਼ਣ ਬੋਰਡ ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਹਵਾ ਪ੍ਰਦੂਸ਼ਣ ਚੈਕ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੌਰਾਨ ਕਿਸ ਖੇਤਰ ਵਿਚ ਕਿੰਨਾ ਪ੍ਰਦੂਸ਼ਣ ਹੈ, ਇਸ ਬਾਰੇ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ।
ਨਗਰ ਨਿਗਮ ਟਰੈਫਿਕ ਲਾਈਟਾਂ ਵੀ ਠੀਕ ਕਰੇਗਾ
ਨਗਰ ਨਿਗਮ ਨੂੰ ਪੂਰੇ ਸ਼ਹਿਰ ਵਿੱਚ ਸਟਰੀਟ ਅਤੇ ਟਰੈਫਿਕ ਲਾਈਟਾਂ ਠੀਕ ਕਰਨ ਲਈ ਕਿਹਾ ਗਿਆ ਹੈ। ਸਟਰੀਟ ਅਤੇ ਟ੍ਰੈਫਿਕ ਲਾਈਟਾਂ ਦੇ ਪ੍ਰਬੰਧ ਨੂੰ ਠੀਕ ਕਰਨ ਲਈ ਵੀ ਡਾਟਾ ਮੰਗਿਆ ਗਿਆ ਹੈ, ਤਾਂ ਜੋ ਇਸ ਕੰਮ ਨੂੰ ਵੀ ਲੋੜ ਅਨੁਸਾਰ ਨੇਪਰੇ ਚਾੜ੍ਹਿਆ ਜਾ ਸਕੇ।
ਸ਼ਹਿਰ ਨੂੰ ਫਾਇਦਾ ਹੋਵੇਗਾ
ਜੇਕਰ 2023 ‘ਚ ਜੀ-20 ਸੰਮੇਲਨ ਅੰਮ੍ਰਿਤਸਰ ‘ਚ ਹੁੰਦਾ ਹੈ ਤਾਂ ਇਸ ਦਾ ਸਿੱਧਾ ਫਾਇਦਾ ਅੰਮ੍ਰਿਤਸਰ ਨੂੰ ਹੋਣ ਵਾਲਾ ਹੈ। ਸ਼ਹਿਰ ਨੂੰ ਸੁੰਦਰ ਅਤੇ ਬਿਹਤਰ ਬਣਾਉਣ ਲਈ ਅੰਮ੍ਰਿਤਸਰ ਲਈ ਕਰੋੜਾਂ ਰੁਪਏ ਦਾ ਫੰਡ ਜਾਰੀ ਕੀਤਾ ਜਾਵੇਗਾ, ਜਿਸ ਨਾਲ ਸ਼ਹਿਰ ਦੀਆਂ ਬੁਨਿਆਦੀ ਸਹੂਲਤਾਂ ਦੇਣ ਤੋਂ ਇਲਾਵਾ ਸ਼ਹਿਰ ਦੇ ਸੁੰਦਰੀਕਰਨ ਲਈ ਵੀ ਕਰੋੜਾਂ ਰੁਪਏ ਖਰਚ ਕੀਤੇ ਜਾਣਗੇ।