ਹੁਣ ਜੇ ਕਾਰ ਦੀ ਪਿਛਲੀ ਸੀਟ ‘ਤੇ ਬੈਠਣ ਵਾਲਿਆਂ ਨੇ ਸੀਟਬੈਲਟ ਨਾ ਲਗਾਈ ਹੋਵੇ ਤਾਂ ਵੀ ਚਲਾਨ ਕੱਟਿਆ ਜਾਵੇਗਾ। ਇਸ ਸਬੰਧੀ ਅਗਲੇ ਕੁਝ ਦਿਨਾਂ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਇਹ ਐਲਾਨ ਨੀਤੀਨ ਗਡਕਰੀ ਨੇ ਕੀਤਾ ਹੈ।
Seatbelt New Rule: ਕੇਂਦਰੀ ਸੜਕ, ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਸੀਟ ਬੈਲਟ ਨੂੰ ਲੈ ਕੇ ਇੱਕ ਹੋਰ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਕਾਰ ‘ਚ ਬੈਠਣ ਵਾਲੇ ਹਰ ਵਿਅਕਤੀ ਨੂੰ ਸੀਟ ਬੈਲਟ ਬੰਨ੍ਹਣੀ ਹੋਵੇਗੀ, ਯਾਨੀ ਹੁਣ ਕਾਰ ਦੀ ਪਿਛਲੀ ਸੀਟ ‘ਤੇ ਬੈਠਣ ਵਾਲਿਆਂ ਲਈ ਸੀਟ ਬੈਲਟ ਬੰਨ੍ਹਣੀ ਲਾਜ਼ਮੀ ਹੋਵੇਗੀ।
ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਕੇਂਦਰੀ ਮੋਟਰ ਵਾਹਨ ਨਿਯਮਾਂ (ਸੀਐਮਵੀਆਰ) ਦੇ ਨਿਯਮ 138 (3) ਦੇ ਤਹਿਤ, ਪਿਛਲੀ ਸੀਟ ‘ਤੇ ਸੀਟ ਬੈਲਟ ਨਾ ਲਗਾਉਣ ‘ਤੇ 1,000 ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਹਾਲਾਂਕਿ, ਜ਼ਿਆਦਾਤਰ ਲੋਕ ਇਸ ਗੱਲ ਤੋਂ ਅਣਜਾਣ ਹਨ ਕਿ ਇਹ ਨਿਯਮ ਲਾਜ਼ਮੀ ਹੈ। ਟ੍ਰੈਫਿਕ ਪੁਲਿਸ ਵੀ ਪਿਛਲੀ ਸੀਟ ‘ਤੇ ਬੈਠਣ ਵਾਲੇ ਯਾਤਰੀਆਂ ਨੂੰ ਸੀਟ ਬੈਲਟ ਬੰਨ੍ਹਣ ‘ਤੇ ਜੁਰਮਾਨਾ ਨਹੀਂ ਲਗਾਉਂਦੀ।
ਸੀਟ ਬੈਲਟ ਨਾ ਲਗਾਉਣ ‘ਤੇ ਜੁਰਮਾਨਾ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਾਇਰਸ ਮਿਸਤਰੀ ਦੁਰਘਟਨਾ ਕਾਰਨ ਮੈਂ ਫੈਸਲਾ ਕੀਤਾ ਹੈ ਕਿ ਪਿਛਲੀ ਸੀਟ ‘ਤੇ ਸੀਟ ਬੈਲਟ ਲਈ ਅਲਾਰਮ ਹੋਵੇਗਾ ਜਿਵੇਂ ਡਰਾਈਵਰ ਸੀਟ ਲਈ ਹੈ। ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਉਨ੍ਹਾਂ ਨੇ ਮੰਗਲਵਾਰ ਨੂੰ ਕਿਹਾ ਕਿ ਕਾਰ ‘ਚ ਪਿਛਲੀ ਸੀਟ ‘ਤੇ ਸੀਟ ਬੈਲਟ ਨਾ ਲਗਾਉਣ ‘ਤੇ ਇੱਕ ਹਜ਼ਾਰ ਦਾ ਜ਼ੁਰਮਾਨਾ ਲਗਾਇਆ ਜਾਵੇਗਾ। ਮੈਂ ਅੱਜ ਹੀ ਫਾਈਲ ‘ਤੇ ਦਸਤਖਤ ਕੀਤੇ ਹਨ।
ਦੱਸ ਦਈਏ ਕਿ ਇਹ ਫੈਸਲਾ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਐਤਵਾਰ ਨੂੰ ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ‘ਚ ਰਾਸ਼ਟਰੀ ਰਾਜਮਾਰਗ ‘ਤੇ ਸੜਕ ਹਾਦਸੇ ‘ਚ ਮੌਤ ਤੋਂ ਬਾਅਦ ਲਿਆ ਗਿਆ।
ਮਾਹਿਰਾਂ ਨੇ ਤੇਜ਼ ਰਫ਼ਤਾਰ ਵਾਹਨਾਂ ‘ਤੇ ਨਜ਼ਰ ਰੱਖਣ ਅਤੇ ਪਿੱਛੇ ਬੈਠਣ ਵਾਲੇ ਯਾਤਰੀਆਂ ਲਈ ਸੀਟ ਬੈਲਟ ਦੀ ਵਰਤੋਂ ਨੂੰ ਲਾਜ਼ਮੀ ਬਣਾਉਣ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਹੈ ਕਿ ਕਿਸੇ ਵੀ ਦੁਰਘਟਨਾ ਤੋਂ ਬਚਣ ਲਈ ਸੜਕਾਂ ਨੂੰ ਉਸ ਅਨੁਸਾਰ ਡਿਜ਼ਾਇਨ ਕੀਤਾ ਜਾਵੇ।