04/17/2024 2:10 AM

ਆਪ ਦੀ ਸਰਕਾਰ, ਆਪ ਦੇ ਦੁਆਰ’ 26 ਫਰਵਰੀ ਨੂੰ ਜ਼ਿਲ੍ਹੇ ’ਚ ਲਾਏ ਜਾਣਗੇ 32 ਵਿਸ਼ੇਸ਼ ਕੈਂਪ

ਜਲੰਧਰ, 25 ਫਰਵਰੀ: ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਰੂਹਾਂ ’ਤੇ ਨਾਗਰਿਕ ਸੇਵਾਵਾਂ ਦਾ ਲਾਭ ਮੁਹੱਈਆ ਕਰਵਾਉਣ ਦੇ ਨਿਵੇਕਲੇ ਉਪਰਾਲੇ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਤਹਿਤ ਜ਼ਿਲ੍ਹੇ ਵਿੱਚ ਵੱਖ-ਵੱਖ ਥਾਈਂ ਲਾਏ ਜਾ ਰਹੇ ਵਿਸ਼ੇਸ਼ ਕੈਂਪਾਂ ਦਾ ਵੱਡੀ ਗਿਣਤੀ ਲੋਕ ਵੱਲੋਂ ਲਾਹਾ ਲਿਆ ਜਾ ਰਿਹਾ ਹੈ। ਇਸ ਪਹਿਲਕਦਮੀ ਤਹਿਤ 26 ਫਰਵਰੀ ਨੂੰ ਜ਼ਿਲ੍ਹੇ ਵਿੱਚ 32 ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਸਬ ਡਵੀਜ਼ਨ ਜਲੰਧਰ-1 ਅਤੇ ਆਦਮਪੁਰ ਵਿੱਚ 4-4, ਜਲੰਧਰ-2 ਤੇ ਨਕੋਦਰ ਵਿੱਚ 5-5, ਫਿਲੌਰ ਵਿਖੇ 8 ਅਤੇ ਸਬ ਡਵੀਜ਼ਨ ਸ਼ਾਹਕੋਟ ਵਿਖੇ 6 ਕੈਂਪ ਲਾਏ ਜਾਣਗੇ। ਇਨ੍ਹਾਂ ਕੈਂਪਾਂ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹਿਣਗੇ, ਜਿਨ੍ਹਾਂ ਵੱਲੋਂ ਬਿਨੈਕਾਰਾਂ ਨੂੰ ਇਕ ਹੀ ਛੱਤ ਹੇਠਾਂ ਸਰਕਾਰੀ ਸੇਵਾਵਾਂ ਦਾ ਲਾਭ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਵੀ ਯਕੀਨੀ ਬਣਾਇਆ ਜਾਵੇਗਾ।ਸੋਮਵਾਰ ਨੂੰ ਜਿਨ੍ਹਾਂ ਪਿੰਡਾਂ/ਵਾਰਡਾਂ ਵਿੱਚ ਇਹ ਕੈਂਪ ਲਗਾਏ ਜਾ ਰਹੇ ਹਨ, ਉਨ੍ਹਾਂ ਵਿੱਚ ਢੰਡੋਰ, ਢੰਡੋਰੀ, ਪੰਡੋਰੀ ਨਿੱਜਰਾਂ, ਜਲਪੋਤ, ਚੌਹਾਨ, ਸਫੀਪੁਰ, ਗੜ੍ਹਾ, ਵਾਰਡ ਨੰ. 43 ਤੇ 44 ਜਲੰਧਰ, ਸੁਭਾਣਾ, ਮੁਰੀਦਪੁਰ, ਰਸੂਲਪੁਰ ਖੁਰਦ, ਹਸਨਪੁਰ ਤੇ ਹੁਸੈਨਪੁਰ, ਬੁੱਲਾ, ਕਲਿਆਣਪੁਰ ਤੇ ਬਸ਼ੇਸ਼ਰਪੁਰ, ਵਾਰਡ ਨੰ. 11 ਤੇ 12 ਕਰਤਾਰਪੁਰ, ਰੌਲੀ, ਆਵਾਂ ਚਹਾਰਮੀ, ਮੀਰਪੁਰ, ਕੰਗ ਸਾਬ੍ਹ ਰਾਏ, ਅਡਰਾਮਨ, ਵਾਰਡ ਨੰ. 11 ਤੇ 12 ਫਿਲੌਰ, ਅਸ਼ਹੂਰ, ਸੰਗੋਵਾਲ, ਜੰਡ, ਬੁਰਜ ਪੁਖ਼ਤਾ, ਭੁੱਲਰ, ਨਵਾਂ ਪਿੰਡ ਨਾਇਚਾ, ਵਾੜਾ ਬੁੱਧ ਸਿੰਘ, ਬਿੱਲੀ ਚਹਾਰਮੀ, ਬਾਜਵਾ ਕਲਾਂ, ਜੱਕੋਪੁਰ ਖੁਰਦ, ਪਰਜੀਆਂ ਕਲਾਂ ਅਤੇ ਬਾਜਵਾ ਖੁਰਦ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਕੈਂਪਾਂ ਵਿੱਚ ਲੋਕ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਵਜ਼ੀਫੇ, ਰਿਹਾਇਸ਼ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਪੈਨਸ਼ਨ, ਬਿਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਵਿਆਹ ਦੀ ਰਜਿਸਟ੍ਰੇਸ਼ਨ, ਮੌਤ ਸਰਟੀਫਿਕੇਟ ਦੀਆਂ ਕਾਪੀਆਂ, ਦਸਤਾਵੇਜ਼ਾਂ ਦੀਆਂ ਤਸਦੀਕਸ਼ੁਦਾ ਕਾਪੀਆਂ, ਪੇਂਡੂ ਇਲਾਕਾ ਸਰਟੀਫਿਕੇਟ, ਫਰਦ ਕਢਵਾਉਣੀ, ਆਸ਼ੀਰਵਾਦ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ, ਐਨ.ਆਰ.ਆਈ. ਦੇ ਸਰਟੀਫਿਕੇਟਾਂ ਦੇ ਕਾਊਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਊਂਟਰ ਦਸਤਖ਼ਤ, ਮੌਤ ਸਰਟੀਫਿਕੇਟ ’ਚ ਤਬਦੀਲੀ ਆਦਿ ਸਮੇਤ 44 ਤਰ੍ਹਾਂ ਦੀਆਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ।