05/20/2024 4:54 PM

ਸੀਪੀ ਨੇ 600 ਫਲਾਂ ਦੇ ਬੂਟੇ ਲਗਾ ਕੇ ਮਾਈਕਰੋ ਫੋਰੈਸਟ ਪਲਾਂਟੇਸ਼ਨ ਮੁਹਿੰਮ ਦਾ ਕੀਤਾ ਆਗਾਜ਼ 

ਮੁਹਿੰਮ ਦਾ ਮੁੱਖ ਮੰਤਵ ਸ਼ਹਿਰ ਵਿੱਚ ਹਰਿਆਲੀ ਨੂੰ ਵਧਾਉਣ ਲਈ ਲੋਕਾਂ ਨੂੰ ਜਾਗਰੂਕ ਕਰਨਾ

ਜਲੰਧਰ, 17 ਮਾਰਚ: ਜਲੰਧਰ ਪੁਲਿਸ ਕਮਿਸ਼ਨਰੇਟ ਵੱਲੋਂ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਲਾਈਨ, ਥਾਣਿਆਂ ਅਤੇ ਚੌਕੀਆਂ ਵਿੱਚ 600 ਫਲਦਾਰ ਬੂਟੇ ਲਗਾ ਕੇ ਮਾਈਕਰੋ ਫੋਰੈਸਟ ਪਲਾਂਟੇਸ਼ਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਨੇ ਪੰਜਾਬ ਵਣ ਵਿਭਾਗ ਅਤੇ ਜਲੰਧਰ ਦੀਆਂ ਫੁਲਕਾਰੀ ਔਰਤਾਂ ਦੇ ਸਹਿਯੋਗ ਨਾਲ ਇਹ ਸਾਂਝੀ ਮਾਈਕਰੋ ਫੋਰੈਸਟ ਪਲਾਂਟੇਸ਼ਨ ਮੁਹਿੰਮ ਚਲਾਈ। ਉਨ੍ਹਾਂ ਦੱਸਿਆ ਕਿ ਇਹ ਬੂਟੇ ਲਗਾਉਣ ਲਈ ਪੁਲਿਸ ਲਾਈਨ, ਪੁਲਿਸ ਸਟੇਸ਼ਨ ਅਤੇ ਪੁਲਿਸ ਚੌਕੀਆਂ ਸਮੇਤ 20 ਥਾਵਾਂ ਦੀ ਚੋਣ ਕੀਤੀ ਗਈ ਹੈ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਇਸ ਮੁਹਿੰਮ ਦਾ ਮਨੋਰਥ ਵਿਆਪਕ ਸ਼ਮੂਲੀਅਤ ਅਤੇ ਪ੍ਰਭਾਵ ਨੂੰ ਯਕੀਨੀ ਬਣਾ ਕੇ ਸ਼ਹਿਰ ਵਿੱਚ ਹਰਿਆਵਲ ਨੂੰ ਵਧਾਉਣਾ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜੈਵਿਕ ਵਿਭਿੰਨਤਾ ਅਤੇ ਵਾਤਾਵਰਣ ਦੇ ਸੰਤੁਲਨ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਕਿਸਮਾਂ ਦੇ 600 ਦੇ ਕਰੀਬ ਫਲਦਾਰ ਬੂਟੇ ਅਤੇ ਦੇਸੀ ਪੌਦੇ ਲਗਾਏ ਗਏ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਵਾਤਾਵਰਣ ਲਈ ਰੁੱਖ ਲਗਾਉਣ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਅਤੇ ਜਲਵਾਯੂ ਤਬਦੀਲੀ ਬਾਰੇ ਜਾਗਰੂਕਤਾ ਫੈਲਾਉਣਾ ਹੈ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਸਥਾਨਕ ਗੈਰ ਸਰਕਾਰੀ ਸੰਗਠਨਾਂ, ਪੁਲਿਸ ਅਤੇ ਸਰਕਾਰ ਦੁਆਰਾ ਸਮੂਹਿਕ ਮੁਹਿੰਮ ਵਾਤਾਵਰਣ ਦੀ ਸਥਿਰਤਾ ਲਈ ਸਮੂਹਿਕ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ।

ਪੁਲਿਸ ਕਮਿਸ਼ਨਰ ਨੇ ਸ਼ਹਿਰ ਦੀ ਹਰਿਆਵਲ ਨੂੰ ਵਧਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ•ਾਂ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਲਈ ਉਚੇਚੇ ਤੌਰ ‘ਤੇ ਉਪਰਾਲੇ ਕਰਨਾ ਹਰੇਕ ਵਿਅਕਤੀ ਦਾ ਫ਼ਰਜ਼ ਬਣਦਾ ਹੈ ਕਿ ਹਰ ਵਿਅਕਤੀ ਵੱਧ ਤੋਂ ਵੱਧ ਲੋਕਾਂ ਨੂੰ ਨਾਲ ਲੈ ਕੇ ਅਜਿਹੇ ਅਭਿਆਨ ਨੂੰ ਲੋਕ ਲਹਿਰ ਬਣਾਉਣ ਲਈ ਇਸ ਸਮੁੱਚੀ ਪ੍ਰਕਿਰਿਆ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਰੁੱਖ ਕੁਦਰਤੀ ਸੋਮਿਆਂ ਦੀ ਸੰਭਾਲ ਅਤੇ ਵਾਤਾਵਰਨ ਨੂੰ ਸੁਧਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ, ਜੋ ਕਿ ਸਮੇਂ ਦੀ ਲੋੜ ਹੈ।