04/17/2024 2:11 AM

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸ਼ੰਭੂ ਬਾਰਡਰ ਲਈ ਕਿਸਾਨਾਂ ਵੱਡੇ ਜੱਥੇ ਰਵਾਨਾ, ਗਰਮੀ ਦੇ ਮੌਸਮ ਨੂੰ ਦੇਖਦੇ ਕੀਤੇ ਪ੍ਰਬੰਧ,ਅਗਲੇ ਜੱਥੇ 30 ਮਾਰਚ ਨੂੰ ਹੋਣਗੇ ਰਵਾਨਾ

ਪੰਜਾਬ ਡੈਸਕ 20/03/2024 (EN) ਦੇਸ਼ ਦੇ ਦੋ ਵੱਡੇ ਫੋਰਮਾਂ ਕਿਸਾਨ ਮਜਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵੱਲੋਂ 13 ਫਰਵਰੀ ਤੋਂ ਦਿੱਲੀ ਕੂਚ ਦੇ ਨਾਲ ਸ਼ੁਰੂ ਹੋਏ ਦੇਸ਼ ਪੱਧਰੀ ਅੰਦੋਲਨ ਦੌਰਾਨ ਪੰਜਾਬ ਦੇ ਕਿਸਾਨ ਮਜਦੂਰ ਕੇਂਦਰ ਸਰਕਾਰ ਦੇ ਤਾਨਾਸ਼ਾਹੀ ਵਰਤਾਰੇ ਦੇ ਚਲਦੇ ਹਰਿਆਣਾ ਪੰਜਾਬ ਦੇ ਵੱਖ ਵੱਖ ਬਾਡਰਾਂ ਤੇ ਮੋਰਚੇ ਜਮਾਏ ਹੋਏ ਹਨ, ਇਸ ਦੇ ਚਲਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋ ਮੋਰਚੇ ਵਿੱਚ ਲਗਾਤਾਰ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਇਸੇ ਕਵਾਇਦ ਤਹਿਤ ਅੱਜ ਜਿਲ੍ਹਾ ਅੰਮ੍ਰਿਤਸਰ ਤੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ, ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਅਤੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਦੀ ਅਗਵਾਹੀ ਵਿੱਚ ਰੇਲਵੇ ਸਟੇਸ਼ਨ ਅੰਮ੍ਰਿਤਸਰ, ਜੰਡਿਆਲਾ ਅਤੇ ਬਿਆਸ ਤੋਂ ਪੂਰਾ ਦਿਨ ਹਜ਼ਾਰਾਂ ਕਿਸਾਨਾਂ ਮਜਦੂਰਾਂ ਦੇ ਜਥੇ ਰਵਾਨਾ ਕੀਤੇ ਗਏ। ਓਹਨਾ ਜਾਣਕਾਰੀ ਦਿੱਤੀ ਕਿ ਪਹਿਲਾਂ ਦੇਸ਼ ਦੀ ਅੰਨ੍ਹੀ, ਬੋਲ਼ੀ ਅਤੇ ਕਿਸਾਨਾਂ ਮਜਦੂਰਾਂ ਦੀ ਕਾਤਲ ਸਰਕਾਰ ਨੇ ਹੱਕਾਂ ਲਈ ਸੰਘਰਸ਼ ਕਰ ਰਹੇ ਲੋਕਾਂ ਨੂੰ ਨਜ਼ਰਅੰਦਾਜ਼ ਕੀਤਾ ਹੈ ਅਤੇ ਹੁਣ ਚੋਣ ਜਾਬਤਾ ਲਾਗੂ ਹੈ, ਇਸ ਲਈ ਲੋਕ ਇਸ ਸੰਘਰਸ਼ ਨੂੰ ਲੰਬੇ ਦਾਅ ਤੋਂ ਸੰਘਰਸ਼ ਕਰਨ ਦਾ ਅਹਿਦ ਕਰ ਚੁੱਕੇ ਹਨ ਅਤੇ ਮੰਗਾਂ ਪੂਰੀਆਂ ਹੋਣ ਤੱਕ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਚਲਦਾ ਰਹੇਗਾ। ਇਸ ਮੌਕੇ ਮੋਰਚੇ ਵੱਲ ਰਵਾਨਾ ਹੋਣ ਵਾਲੇ ਕਿਸਾਨਾਂ ਮਜਦੂਰਾਂ ਦੱਸਿਆ ਕੀ ਗਰਮੀ ਦੇ ਮੌਸਮ ਨੂੰ ਦੇਖਦੇ ਓਹ ਘਰਾਂ ਤੋਂ ਪੱਖੇ ਆਦਿ ਚੀਜ਼ਾਂ ਦਾ ਪ੍ਰਬੰਧ ਆਪ ਕਰਕੇ ਚੱਲੇ ਹਨ। ਆਗੂਆਂ ਜਾਣਕਾਰੀ ਦਿੱਤੀ ਕਿ ਜਥੇਬੰਦੀ ਵੱਲੋਂ ਸੂਬਾ ਪੱਧਰ ਤੇ ਬਣੀ ਵਿਉਂਤਬੰਦੀ ਦੇ ਅਨੁਸਾਰ ਅਗਲੇ ਜਥੇ 30 ਮਾਰਚ ਨੂੰ ਰਵਾਨਾ ਹੋਣਗੇ। ਓਹਨਾ ਅਪੀਲ ਕੀਤੀ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਵੱਧ ਤੋਂ ਵੱਧ ਗਿਣਤੀ ਵਿੱਚ ਅੰਦੋਲਨ ਵਿੱਚ ਪਹੁੰਚਿਆ ਜਾਵੇ। ਓਹਨਾ ਕਿਹਾ ਕਿ 26 ਮਾਰਚ ਨੂੰ ਰਾਜਿਸਥਾਨ ਦੇ ਦੌਸਾ ਵਿੱਚ ਕਿਸਾਨਾਂ ਮਜਦੂਰਾਂ ਅਤੇ ਆਦਿਵਾਸੀਆਂ ਵੱਲੋਂ ਮਹਾਂਪੰਚਾਇਆਤ ਕੀਤੀ ਜਾਵੇਗੀ । ਇਸ ਮੌਕੇ ਜਿਲ੍ਹਾ ਖਜਾਨਚੀ ਕੰਧਾਰ ਸਿੰਘ ਭੀਏਵਾਲ, ਜਿਲ੍ਹਾ ਆਗੂ ਬਲਦੇਵ ਸਿੰਘ ਬੱਗਾ, ਸੁਖਦੇਵ ਸਿੰਘ ਚਾਟੀਵਿੰਡ, ਬਲਵਿੰਦਰ ਸਿੰਘ ਰੁਮਾਣਾਚਕ, ਗੁਰਦੇਵ ਸਿੰਘ ਗੱਗੋਮਾਹਲ, ਸਵਿੰਦਰ ਸਿੰਘ ਰੂਪੋਵਾਲੀ ਸਮੇਤ ਹੋਰ ਜ਼ੋਨ ਅਤੇ ਪਿੰਡ ਪੱਧਰੀ ਆਗੂ ਹਾਜ਼ਿਰ ਰਹੇ।