ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਵਿੱਚ ਗੈਂਗਵਾਰ ਵਧਣ ਦਾ ਖਦਸ਼ਾ ਹੈ। ਬੇਸ਼ੱਕ ਪੁਲਿਸ ਨੇ ਪੂਰੀ ਸਖਤੀ ਵਰਤੀ ਹੋਈ ਹੈ ਪਰ ਗੈਂਗਸਟਰਾਂ ਦੇ ਹੌਸਲੇ ਪਸਤ ਨਹੀਂ ਹੋ ਰਹੇ। ਉਹ ਬੇਖੌਫ ਹੋ ਕੇ ਸੋਸ਼ਲ ਮੀਡੀਆ ਉੱਪਰ ਇੱਕ-ਦੂਜੇ ਨੂੰ ਵੰਗਾਰ ਰਹੇ ਹਨ। ਬੰਬੀਹਾ ਗੈਂਗ ਨੇ ਲਾਰੈਂਸ ਬਿਸ਼ਨੋਈ ਨੂੰ ਸਿੱਧੂ ਮੂਸੇਵਾਲਾ ਦੀ ਮੌਤ ਦਾ ਬਦਲਾ ਲੈਣ ਦੀ ਧਮਕੀ ਦਿੱਤੀ ਹੈ।
ਦੂਜੇ ਪਾਸੇ ਪੁਲਿਸ ਵੀ ਅਲਰਟ ਹੋ ਗਈ ਹੈ। ਪਤਾ ਲੱਗਾ ਹੈ ਕਿ ਮਾਨਸਾ ਪੁਲਿਸ ਸ਼ੋਸਲ ਮੀਡੀਆ ਰਾਹੀਂ ਲਾਰੈਂਸ ਬਿਸ਼ਨੋਈ ਤੇ ਬੰਬੀਹਾ ਗੈਂਗ ਵੱਲੋਂ ਇੱਕ-ਦੂਜੇ ਨੂੰ ਦਿੱਤੀਆਂ ਜਾ ਰਹੀਆਂ ਚੁਣੌਤੀਆਂ ਦੀ ਗੰਭੀਰਤਾ ਨਾਲ ਘੋਖ ਕਰ ਰਹੀ ਹੈ। ਮੂਸੇਵਾਲਾ ਦੇ ਕਤਲ ਮਗਰੋਂ ਹਰ ਦੂਜੇ-ਤੀਜੇ ਦਿਨ ਇਨ੍ਹਾਂ ਧੜਿਆਂ ਵੱਲੋਂ ਇੱਕ-ਦੂਜੇ ਨੂੰ ਨਿੱਤ ਨਵੀਂਆਂ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਹਨ।
ਲੰਘੇ ਦਿਨ ਮਰਹੂਮ ਗਾਇਕ ਦੇ ਕਤਲ ਸਬੰਧੀ ਬੰਬੀਹਾ ਗੈਂਗ ਨੇ ਫੇਸਬੁੱਕ ’ਤੇ ਪੋਸਟ ਪਾਈ ਹੈ, ਜਿਸ ਵਿੱਚ ਬੰਬੀਹਾ ਗੈਂਗ ਨੇ ਗੋਲਡੀ ਬਰਾੜ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਵਿਦੇਸ਼ ਬੈਠ ਕੇ ਗੱਲਾਂ ਕਰਨ ਦੀ ਥਾਂ ਪੰਜਾਬ ਆ ਕੇ ਸਾਹਮਣਾ ਕਰਨ ਲਈ ਕਿਹਾ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਦਾ ਬਦਲਾ ਲਿਆ ਜਾਵੇਗਾ।
ਦੱਸ ਦਈਏ ਕਿ ਕਿ ਹਾਲ ਹੀ ਵਿੱਚ ਪੰਜਾਬ ਪੁਲਿਸ ਨੇ ਨੇਪਾਲ ਬਾਰਡਰ ਤੋਂ ਲਾਰੈਂਸ ਗੈਂਗ ਦੇ ਦੀਪਕ ਮੁੰਡੀ, ਕਪਿਲ ਪੰਡਿਤ ਤੇ ਰਾਜੇਂਦਰ ਜੋਕਰ ਨੂੰ ਕਾਬੂ ਕੀਤਾ ਹੈ। ਇਨ੍ਹਾਂ ਤਿੰਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਈ ਖੁਲਾਸੇ ਹੋਏ ਹਨ। ਇਸ ਦੇ ਨਾਲ ਹੀ ਪੰਜਾਬ ਸਮੇਤ ਤਿੰਨ ਹੋਰ ਸੂਬਿਆਂ ’ਚ ਐਨਆਈਏ ਵੱਲੋਂ ਗੈਂਗਸਟਰਾਂ ਦੇ ਘਰਾਂ ’ਤੇ ਛਾਪਾਮਾਰੀ ਕੀਤੀ ਗਈ ਹੈ।
ਕੇਂਦਰੀ ਜਾਂਚ ਏਜੰਸੀਆਂ ਪਹਿਲਾਂ ਹੀ ਪੰਜਾਬ ਪੁਲਿਸ ਕੋਲ ਪੰਜਾਬ ਵਿੱਚ ਵੱਡੇ ਪੱਧਰ ’ਤੇ ਗੈਂਗਵਾਰ ਛਿੜਨ ਦੀ ਸੰਭਾਵਨਾ ਜਤਾ ਚੁੱਕੀਆਂ ਹਨ, ਜਿਸ ਮਗਰੋਂ ਪੰਜਾਬ ਪੁਲਿਸ ਨੇ ਮੁਸਤੈਦੀ ਵਧਾਉਂਦਿਆਂ ਇਨ੍ਹਾਂ ਗਰੁੱਪਾਂ ਦੀਆਂ ਗਤੀਵਿਧੀਆਂ ’ਤੇ ਪੈਨੀ ਅੱਖ ਰੱਖੀ ਹੋਈ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪੰਜਾਬ ਵਿੱਚ ਬੰਬੀਹਾ ਤੇ ਲਾਰੈਂਸ ਗੈਂਗ ਕਿਸੇ ਵੀ ਵੇਲੇ ਭਿੜ ਸਕਦੇ ਹਨ।
ਬੰਬੀਹਾ ਗੈਂਗ ਮੂਸੇਵਾਲਾ ਹੱਤਿਆਕਾਂਡ ਦੇ ਮੁੱਖ ਸਾਜ਼ਿਜ਼ਘਾੜੇ ਗੈਂਗਸਟਰ ਲਾਰੈਂਸ ਤੇ ਜੱਗੂ ਭਗਵਾਨਪੁਰੀਆ ਨੂੰ ਨਿਸ਼ਾਨਾ ਬਣਾ ਸਕਦਾ ਹੈ, ਜਿਸ ਬਾਰੇ ਬੰਬੀਹਾ ਗੈਂਗ ਵੱਲੋਂ ਪਹਿਲਾਂ ਹੀ ਉਕਤ ਦੋਵਾਂ ਨੂੰ ਪੁਲਿਸ ਹਿਰਾਸਤ ਵਿੱਚ ਮਾਰ ਦੇਣ ਦੀ ਧਮਕੀ ਵੀ ਦਿੱਤੀ ਗਈ ਹੈ। ਇਸ ਧਮਕੀ ਤੋਂ ਬਾਅਦ ਤੋਂ ਹੀ ਲਾਰੈਂਸ ਦੀ ਪੇਸ਼ੀ ਵੀਡੀਓ ਕਾਨਫਰੰਸ ਰਾਹੀਂ ਕਰਵਾਈ ਜਾ ਰਹੀ ਹੈ। ਇਸ ਸਬੰਧੀ ਦਿੱਲੀ ਸਪੈਸ਼ਨ ਸੈੱਲ ਦੀ ਪੁਲਿਸ ਨੇ ਬੰਬੀਹਾ ਗੈਂਗ ਦੇ ਛੇ ਮੈਂਬਰ ਕਾਬੂ ਕੀਤੇ ਹਨ, ਜਿਨ੍ਹਾਂ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਬੰਬੀਹਾ ਗੈਂਗ ਨੇ ਪੁਲਿਸ ਹਿਰਾਸਤ ’ਚ ਲਾਰੈਂਸ ਤੇ ਜੱਗੂ ਨੂੰ ਨਿਸ਼ਾਨਾ ਬਣਾਉਣ ਦਾ ਪ੍ਰੋਗਰਾਮ ਉਲੀਕਿਆ ਹੈ।