ਸੀ ਪੀ ਨੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ
ਜਲੰਧਰ, 17 ਅਪ੍ਰੈਲ : ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਨੌਜਵਾਨ ਨੂੰ ਨਜਾਇਜ਼ ਹਥਿਆਰ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਸੂਹ ਮਿਲੀ ਸੀ ਕਿ ਸ਼ਹਿਰ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲਾ ਇੱਕ ਗਿਰੋਹ ਸਰਗਰਮ ਹੈ। ਉਨ੍ਹਾਂ ਕਿਹਾ ਕਿ ਇਨਪੁਟ ਦੇ ਆਧਾਰ ‘ਤੇ ਪੁਲਿਸ ਨੇ ਇਸ ਵਿੱਚ ਸ਼ਾਮਲ ਅਪਰਾਧੀਆਂ ਨੂੰ ਫੜਨ ਲਈ ਜਾਲ ਵਿਛਾਇਆ ਸੀ। ਇਸ ਉਪਰੰਤ ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਮਧੂਬਨ ਸਕੂਲ ਕੋਲ ਗਸ਼ਤ ਕਰ ਰਹੀ ਪੁਲਿਸ ਪਾਰਟੀ ਨੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਵੱਲ ਜਾ ਰਹੇ ਇੱਕ ਨੌਜਵਾਨ ਨੂੰ ਦੇਖਿਆ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਨੌਜਵਾਨ ਦੀ ਪਹਿਚਾਣ ਅਮਨ ਲੂਥਰਾ ਪੁੱਤਰ ਕਪਿਲ ਵਾਸੀ ਗੁਲਾਬ ਦੇਵੀ ਰੋਡ ਰਤਨ ਨਗਰ ਜਲੰਧਰ ਵਜੋਂ ਹੋਈ ਹੈ। ਉਸ ਨੇ ਦੱਸਿਆ ਕਿ ਉਸ ਦੀ ਤਲਾਸ਼ੀ ਲੈਣ ‘ਤੇ ਪੁਲਸ ਨੇ 315 ਬੋਰ ਦਾ ਇਕ ਦੇਸੀ ਕੱਟਾ ਸਮੇਤ ਇਕ ਕਾਰਤੂਸ ਬਰਾਮਦ ਕੀਤਾ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਬਸਤੀ ਬਾਵਾ ਖੇਲ ਵਿਖੇ ਐਫਆਈਆਰ 71 ਮਿਤੀ 14-04-2024 ਅਧੀਨ 25-54-59 ਅਸਲਾ ਐਕਟ ਦਰਜ ਕੀਤੀ ਗਈ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਮੁਲਜ਼ਮ ਦੇ ਹੋਰ ਸਬੰਧਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਨੌਜਵਾਨ ਦਾ ਕੋਈ ਵੀ ਅਪਰਾਧਿਕ ਰਿਕਾਰਡ ਟਰੇਸ ਨਹੀਂ ਹੋਇਆ ਹੈ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।