ਸਿਵਲ ਹਸਪਤਾਲ ਤਰਨਤਾਰਨ ‘ਚ ਦਾਖ਼ਲ ਸ਼ੂਟਰ ਚਰਨਜੀਤ ਉਰਫ਼ ਰਾਜੂ ਫਰਾਰ ਹੋ ਗਿਆ ਹੈ। ਬਦਮਾਸ਼ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ, ਜਿੱਥੋਂ ਉਸ ਦੇ ਸਾਥੀ ਪੁਲਿਸ ਨੂੰ ਚਕਮਾ ਦੇ ਕੇ ਰਾਜੂ ਨੂੰ ਹਸਪਤਾਲ ਚੋਂ ਲੈ ਕੇ ਫਰਾਰ ਹੋ ਗਏ। ਫਿਲਹਾਲ ਪੁਲਿਸ ਰਾਜੂ ਦੀ ਭਾਲ ‘ਚ ਜੁਟੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬਦਮਾਸ਼ ‘ਤੇ ਅੱਧਾ ਦਰਜਨ ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। 21 ਦਸੰਬਰ 2023 ਵਿੱਚ ਜਦੋਂ ਪੁਲਿਸ ਇਸ ਬਦਮਾਸ਼ ਦਾ ਪਿੱਛਾ ਕਰ ਰਹੀ ਸੀ ਤਾਂ ਉਸ ਨੇ ਪੁਲਿਸ ‘ਤੇ ਗੋਲੀਆਂ ਵੀ ਚਲਾਈਆਂ ਸਨ ਅਤੇ ਮੁਕਾਬਲੇ ਦੌਰਾਨ ਉਸ ਦੀ ਲੱਤ ‘ਚ ਗੋਲੀ ਲੱਗੀ ਸੀ। ਇਸ ਮਾਮਲੇ ‘ਚ DSP ਮਸੀਹ ਨੇ ਵੀ ਜਾਣਕਾਰੀ ਦਿੱਤੀ ਹੈ।DSP ਮਸੀਹ ਦਾ ਕਹਿਣਾ ਹੈ ਕਿ ਬਦਮਾਸ਼ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ, ਜਿੱਥੇ ਉਸਦੇ ਸਾਥੀ ਪੁਲਿਸ ਨੂੰ ਚਕਮਾ ਦੇ ਕੇ ਉਸ ਨੂੰ ਭਜਾ ਕੇ ਲੈ ਗਏ ਹਨ। ਉਨ੍ਹਾਂ ਦੇ ਦੱਸਿਆ ਕਿ ਗੈਗਸਟਰ ਦੇ ਫਰਾਰ ਹੋਣ ਸਬੰਧੀ ਜਾਣਕਾਰੀ ਜ਼ਿਲ੍ਹੇ ਦੇ ਸਾਰੇ ਪੁਲਿਸ ਸਟੇਸ਼ਨਾਂ ਵਿੱਚ ਜਾਰੀ ਕਰ ਦਿੱਤੀ ਹੈ ਅਤੇ ਉਸ ਦੀ ਭਾਲ ਵਿੱਚ ਟੀਮ ਬਣਾਕੇ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਜਲਦ ਇਸ ਬਦਮਾਸ਼ ਅਤੇ ਉਸ ਦੇ ਸਾਥੀਆਂ ਨੂੰ ਕਾਬੂ ਕਰ ਲਵੇਗੀ।