05/04/2024 1:50 AM

ਕਿਸਾਨ ਅੰਦੋਲਨ 68ਵੇਂ ਦਿਨ ਵਿੱਚ ਜਾਰੀ, ਸ਼ੰਭੂ ਰੇਲ ਰੋਕੋ ਮੋਰਚੇ ਦੇ 5ਵੇਂ ਦਿਨ ਵਿੱਚ ਸ਼ਾਮਲ, ਔਰਤਾਂ ਦੇ ਵਿਸ਼ਾਲ ਕਾਫਲੇ ਮੋਰਚੇ ਨੇ ਅੰਦੋਲਨ ਨੂੰ ਕੀਤਾ ਹੋਰ ਬੁਲੰਦ- ਸੁਖਵਿੰਦਰ ਸਿੰਘ ਸਭਰਾ

ਜਲੰਧਰ 21ਅਪ੍ਰੈਲ (EN) ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ ਤੇ ਕਿਸਾਨ ਮਜ਼ਦੂਰ ਸਬੰਧੀ ਮੰਗਾਂ ਲਾਗੂ ਕਰਵਾਉਣ ਲਈ 13 ਫਰਵਰੀ ਤੋਂ ਦੇਸ਼ ਭਰ ਦੇ ਕਿਸਾਨ ਮਜ਼ਦੂਰ ਸੰਘਰਸ਼ ਦੇ ਮੈਦਾਨ ਵਿੱਚ ਡਟੇ ਹੋਏ ਹਨ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੱਤੀ ਕਿ ਅੰਦੋਲਨ ਦੇ 68 ਦਿਨ ਪੂਰੇ ਹੋ ਚੁੱਕੇ ਹਨ ਅਤੇ ਇਹਨਾਂ ਦਿਨਾਂ ਵਿੱਚ ਪੂਰੇ ਦੇਸ਼ ਅਤੇ ਦੁਨੀਆ ਵਿਚ ਮੰਗਾਂ ਪ੍ਰਤੀ ਜਾਗਰੂਕਤਾ ਫੈਲ ਚੁੱਕੀ ਹੈ, ਜਿਸ ਕਾਰਨ ਸਭ ਵਰਗਾਂ ਵੱਲੋਂ ਕਿਸਾਨਾਂ ਮਜਦੂਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਹਮਦਰਦੀ ਅਤੇ ਹਮਾਇਤ ਕੀਤੀ ਜਾ ਰਹੀ ਹੈ। ਓਹਨਾ ਦੱਸਿਆ ਕਿ ਜਥੇਬੰਦੀ ਵੱਲੋਂ ਕਣਕ ਦੇ ਸੀਜ਼ਨ ਦੌਰਾਨ ਔਰਤਾਂ ਦੇ ਵਿਸ਼ਾਲ ਜਥੇ ਮੋਰਚੇ ਵਿਚ ਸ਼ਾਮਿਲ ਕੀਤੇ ਜਾ ਰਹੇ ਹਨ ਤਾਂ ਜੋ ਕਿਸਾਨ ਮਜ਼ਦੂਰ ਵਾਢੀ ਦਾ ਕੰਮ ਨਬੇੜ ਸਕਣ। ਓਹਨਾ ਜਾਣਕਾਰੀ ਦਿੱਤੀ ਕਿ ਹਰਿਆਣਾ ਸਰਕਾਰ ਵੱਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨ ਕਿਸਾਨ ਆਗੂਆਂ ਦੀ ਰਿਹਾਈ ਲਈ ਸ਼ੰਭੂ ਰੇਲਵੇ ਸਟੇਸ਼ਨ ਤੇ ਚੱਲ ਰਿਹਾ ਰੇਲ ਰੋਕੋ ਮੋਰਚਾ ਵੀ 5ਵੇਂ ਦਿਨ ਪੂਰੇ ਕਰ ਚੁੱਕਾ ਹੈ ਪਰ ਸਰਕਾਰ ਵੱਲੋਂ ਵਾਅਦਾ ਖਿਲਾਫੀ ਕਰਕੇ ਬੇਕਸੂਰ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਗਿਆ, ਜਿਸਦੇ ਚਲਦੇ ਕੱਲ੍ਹ 22 ਅਪ੍ਰੈਲ ਨੂੰ ਹਰਿਆਣਾ ਦੇ ਜੀਂਦ ( ਖਟਕੜ ) ਵਿਖੇ ਅਗਲਾ ਐਕਸ਼ਨ ਐਲਾਨ ਕੀਤਾ ਜਾਵੇਗਾ। ਓਹਨਾ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਦੇ ਸਵਾਲਾਂ ਤੋਂ ਭੱਜਣ ਵਾਲੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ, ਇਸ ਨੇ ਸਾਬਿਤ ਕੀਤਾ ਹੈ ਕਿ ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਰਹੇ ਹਨ ਅਤੇ ਵੋਟ ਪਾਉਣ ਤੋਂ ਪਹਿਲਾਂ ਵੋਟ ਲੈਣ ਆਏ ਨੁਮਾਇੰਦਿਆਂ ਦੇ ਆਪਣੇ ਮਸਲਿਆਂ ਪ੍ਰਤੀ ਵਿਚਾਰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਤੋਂ ਭੱਜਣ ਵਾਲੇ ਲੀਡਰਾਂ ਨੂੰ ਗਲਤ ਮੰਨ ਰਹੇ ਹਨ। ਓਹਨਾ ਕਿਹਾ ਕਿ ਦੇਸ਼ ਦੇ ਕਿਸਾਨ ਮਜ਼ਦੂਰ ਵੱਲੋਂ ਜਿੰਨੀਂ ਦੇਰ ਸਾਰੀਆਂ ਫ਼ਸਲਾਂ ਦੀ ਖਰੀਦ ਦਾ ਐਮ ਐਸ ਪੀ ਗਰੰਟੀ ਕਨੂੰਨ, ਕਿਸਾਨ ਮਜ਼ਦੂਰ ਦੀ ਕਰਜ਼ਾ ਮੁਕਤੀ, ਕਿਸਾਨ ਅਤੇ ਖੇਤ ਮਜ਼ਦੂਰ ਲਈ ਪੈਨਸ਼ਨ, ਭੂੰਮੀ ਅਧਿਗ੍ਰਹਿਣ ਨਿਜ਼ਮ ਨੂੰ 2013 ਦੇ ਸਰੂਪ ਵਿੱਚ ਲਾਗੂ ਕਰਨ, 2021 ਕਿਸਾਨ ਅੰਦੋਲਨ ਦੀਆਂ ਮੰਨੀਆ ਮੰਗਾਂ ਲਾਗੂ ਕਰਨ, ਮਨਰੇਗਾ ਤਹਿਤ ਪ੍ਰਤੀ ਸਾਲ 200 ਦਿਨ ਰੁਜਗਾਰ ਅਤੇ ਦਿਹਾੜੀ 700 ਰੁਪਏ ਕਰਨ, ਆਦਿਵਾਸੀਆਂ ਦੇ ਹੱਕਾਂ ਦੇ ਕਾਰਪੋਰੇਟ ਘਰਾਣਿਆਂ ਹਵਾਲੇ ਬੰਦ ਕਰਕੇ ਸੰਵਿਧਾਨ ਦੀ 5ਵੀ ਸੂਚੀ ਲਾਗੂ ਕਰਨ ਸਮੇਤ 10 ਦੀਆਂ 10 ਮੰਗਾਂ ਦੇ ਠੋਸ ਹੱਲ ਨਹੀਂ ਕੀਤੇ ਜਾਂਦੇ ਓਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਓਹਨਾ ਕਿਹਾ ਕਿ ਜਥੇਬੰਦੀ ਪੂਰੇ ਜੋਸ਼ ਅਤੇ ਹੋਸ਼ ਨਾਲ ਸਾਰੀਆਂ ਭਰਾਤਰੀ ਜਥੇਬੰਦੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀ ਹੈ ਅਤੇ ਆਉਂਦੇ ਦਿਨਾਂ ਵਿੱਚ ਜਿਸ ਵੀ ਪੱਧਰ ਦੇ ਪ੍ਰੋਗਰਾਮ ਅੰਦੋਲਨ ਵੱਲੋਂ ਤਹਿ ਕੀਤੇ ਜਾਣਗੇ ਓਹਨਾ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ ਜਾਵੇਗਾ।