ਜਲੰਧਰ 30 ਮਾਰਚ (EN) ਸੇਵਾ ਮੁਕਤੀ ਦਾ ਬਹੁਤ ਹੀ ਖੂਬਸੂਰਤ ਅਹਿਸਾਸ ਹੁੰਦਾ ਹੈ ਜਿਸ ਨੂੰ ਉਹਨਾਂ ਚਿਹਰਿਆਂ ਤੋਂ ਝਲਕਦੇ ਵੇਖਿਆ ਜਾ ਸਕਦਾ ਹੈ ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਰੱਜਵੀਂ ਮਿਹਨਤ ਕੀਤੀ ਹੋਵੇ ਅਤੇ ਆਪਣੇ ਕਿੱਤੇ ਪ੍ਰਤੀ ਵਫ਼ਾਦਾਰੀ ਨਿਭਾਈ ਹੋਵੇ।
ਸੇਵਾ ਮੁਕਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਤੋਂ ਬਾਅਦ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਹੁੰਦੀ ਹੈ। 31ਮਾਰਚ,2025 ਨੂੰ ਸਮਾਜ ਸੇਵਿਕਾ ਤੇ ਗਰਲ ਗਾਈਡ ਇੰਚਾਰਜ ਸ਼੍ਰੀਮਤੀ ਕਮਲਜੀਤ ਬੰਗਾ ਸੋਸ਼ਲ ਸਟੱਡੀ ਅਧਿਆਪਕਾ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਆਦਰਸ਼ ਨਗਰ ਜਲੰਧਰ ਤੋਂ ਆਪਣੀਆਂ ਸ਼ਾਨਦਾਰ ਤੇ ਯਾਦਗਾਰੀ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋ ਰਹੇ ਹਨ। ਸਾਦਗੀ, ਸ਼ਾਂਤ ਸੁਭਾਅ ਤੇ ਧਾਰਮਿਕ ਬਿਰਤੀ ਵਾਲੀ ਰੂਹ ਕਮਲਜੀਤ ਬੰਗਾ ਨੇ ਸਿੱਖਿਆ ਵਿਭਾਗ ਵਿੱਚ ਪੂਰੀ ਸ਼ਿੱਦਤ ਨਾਲ ਵਿਦਿਆਰਥੀਆਂ ਨੂੰ ਸਿੱਖਿਆ ਦੀ ਗੁੜ੍ਹਤੀ ਦਿੱਤੀ। ਇਹਨਾਂ ਵੱਲੋਂ ਸਿੱਖਿਆ ਦੇ ਨਾਲ -ਨਾਲ ਖੇਡਾਂ, ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਪਾਏ ਆਪਣੇ ਯੋਗਦਾਨ ਸਦਕਾ 5 ਸਤੰਬਰ 2018 ਨੂੰ ‘ਅਧਿਆਪਕ ਦਿਵਸ’ ਤੇ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ ਦੌਰਾਨ ਤਤਕਾਲੀ ਸਿੱਖਿਆ ਮੰਤਰੀ ਸ਼੍ਰੀ ਓ.ਪੀ. ਸੋਨੀ ਅਤੇ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਹੋਰਾਂ ਵਲੋਂ ‘ਵਿਸ਼ੇਸ਼ ਰਾਜ ਪੁਰਸਕਾਰ,’ ਜਿਸ ਵਿਚ ਦੁਸ਼ਾਲਾ,ਮੈਡਲ ਤੇ ਪ੍ਰਸ਼ੰਸਾ -ਪੱਤਰ ਸਨ, ਦੇ ਕੇ ਸਨਮਾਨਿਤ ਕੀਤਾ ਗਿਆ। ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਤਹਿਤ ਸ਼ਾਨਦਾਰ ਪ੍ਰਦਰਸ਼ਨ ਕਰਨ ਬਦਲੇ ਨਵੰਬਰ 2015 ਵਿੱਚ ਆਪ ਜੀ ਨੂੰ ਉਸ ਸਮੇਂ ਦੇ ਸਿੱਖਿਆ ਮੰਤਰੀ ਸ੍ਰ.ਦਲਜੀਤ ਸਿੰਘ ਚੀਮਾ ਵੱਲੋਂ ਸਨਮਾਨਿਤ ਕੀਤਾ ਗਿਆ। ਸਾਲ 2017 ਦੇ ਗਣਤੰਤਰ ਦਿਵਸ ਮੌਕੇ ਆਪ ਜੀ ਦੀ ਅਗਵਾਈ ਹੇਠ ਲੜਕੀਆਂ ਦੀ ਸ਼ਾਨਦਾਰ ਪਰੇਡ ਤੋਂ ਖੁਸ਼ ਹੋ ਕੇ ਉਸ ਸਮੇਂ ਦੇ ਉੱਪ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਸਨਮਾਨ ਚਿੰਨ ਤੇ ਪ੍ਰਸੰਸਾ -ਪੱਤਰ ਭੇਂਟ ਕੀਤਾ ਗਿਆ। ਸਨਮਾਨਾਂ ਦੀ ਇਸ ਲੜੀ ਤਹਿਤ ਗਣਤੰਤਰ ਦਿਵਸ ਤੇ ਸਵਤੰਤਰਤਾ ਦਿਵਸ ਸਮਿਆਂ ਦੋਰਾਨ ਸਾਲ 2013 ਤੋਂ 2024 ਤੱਕ ਸ਼੍ਰੀ ਕ੍ਰਮਵਾਰ 2013 ਚੋ ਚੁੰਨੀ ਲਾਲ ਭਗਤ ਕੈਬਿਨੇਟ ਮੰਤਰੀ ਸਥਾਨਕ ਸਰਕਾਰਾਂ ਪੰਜਾਬ ਵੱਲੋਂ, 2015 ਵਿੱਚ ਵਿਧਾਨ ਸਭਾ ਸਪੀਕਰ ਸ੍ਰ.ਚਰਨਜੀਤ ਸਿੰਘ ਅਟਵਾਲ ਜੀ ਵਲੋਂ, 2016 ਵਿਚ ਕੈਬਨਿਟ ਮੰਤਰੀ ਲਕਸ਼ਮੀਕਾਂਤਾ ਚਾਵਲਾ,ਸਾਲ 2017 ਵਿੱਚ ਕੈਬਨਿਟ ਮੰਤਰੀ ਸ੍ਰ.ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, 2018 ਕੈਬਨਿਟ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ,ਸਾਲ 2019 ਵਿੱਚ ਸਕੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੁਆਰਾ ਅਤੇ ਅੰਤਰ ਜ਼ਿਲ੍ਹਾ ਸਕੂਲ ਹਾਕੀ ਖੇਡਾਂ 2023-2024 ਵਿੱਚ ਆਪ ਜੀ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। “ਖੇਲੋ ਪੰਜਾਬ – ਤੰਦਰੁਸਤ ਪੰਜਾਬ” ਤਹਿਤ ਨਸ਼ਿਆ ਦੇ ਖਿਲਾਫ ਮੈਰਾਥਨ ਦੌੜ ਵਿੱਚ ਕਮਲਜੀਤ ਬੰਗਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ l ਬਲਾਕ ਤੋਂ ਲੈ ਕੇ ਜ਼ਿਲ੍ਹਾ ਅਤੇ ਰਾਜ ਪੱਧਰ ਤੱਕ ਦੇ ਸਮਾਗਮਾਂ ਦੌਰਾਨ ਆਪ ਜੀ ਨੂੰ ਚੰਗੀਆਂ ਤੇ ਬੇਹਤਰੀਨ ਸੇਵਾਵਾਂ ਬਦਲੇ ਸਾਸ਼ਨ ,ਪ੍ਰਸ਼ਾਸ਼ਨ ਅਤੇ ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ । ਸ਼੍ਰੀਮਤੀ ਕਮਲਜੀਤ ਬੰਗਾ ਜੀ ਨੇ ਸਰਕਾਰੀ ਸੀਨੀਅਰ ਕੰਨਿਆਂ ਸੈਕੰਡਰੀ ਸਕੂਲ ਆਦਰਸ਼ ਨਗਰ ਲਈ ਖੇਡ ਪ੍ਰਮੋਟਰ ਤੇ ਸਮਾਜ ਸੇਵਕ ਜੀਤ ਬਾਬਾ ਬੈਲਜ਼ੀਅਮ ਤੇ ਸੋਮ ਥਿੰਦ ਯੂ ਕੇ ਤੋਂ ਸਮੇਂ ਸਮੇਂ ਤੇ ਦੋ ਐਲ.ਈ.ਡੀ.- ਟੀ.ਵੀ., ਸਕੂਲ ਲਈ ਫ਼ਰਨੀਚਰ, ਬੱਚਿਆਂ ਲਈ ਕਿਤਾਬਾਂ,ਸਕੂਲ ਦੀ ਸਟੇਜ ਲਈ 51,000/- ਰੁਪਏ ਸਮੇਤ ਨੌਕਰੀ ਦੋਰਾਨ ਸੰਸਥਾ ਅਤੇ ਵਿਦਿਆਰਥੀਆਂ ਦੇ ਵਿਕਾਸ ਲਈ ਭਰਵਾਂ ਯੋਗਦਾਨ ਪਾਇਆ ਹੈ l ਆਪਣੀ ਸੇਵਾ ਮੁਕਤੀ ਤੇ ਇਹ ਮਾਣਮੱਤੀ ਸ਼ਖਸ਼ੀਅਤ ਆਪਣੀ ਨੇਕ ਕਮਾਈ ਵਿਚੋਂ ਸਕੂਲ ਲਈ ਇੱਕ ਏ.ਸੀ.,ਇੱਕ ਏ.ਸੀ. ਪੰਜਾਬ ਪ੍ਰੈਸ ਕਲੱਬ ਜਲੰਧਰ ਲਈ ਭੇਟ ਕਰਨ ਦੇ ਨਾਲ ਨਾਲ ਇੱਕ ਹੋਰ ਏ.ਸੀ. ਪੰਜਾਬ ਪ੍ਰੈਸ ਕਲੱਬ ਲਈ ਪ੍ਰਵਾਸੀ ਸਮਾਜ ਸੇਵੀ ਜੀਤ ਬਾਬਾ ਬੈਲਜੀਅਮ ਵਲੋਂ ਦਾਨ ਕਰਵਾ ਰਹੇ ਹਨ l
ਅੱਜ 31 ਮਾਰਚ 2025 ਨੂੰ ਸਮੂਹ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਅਧਿਆਪਕ ਜਥੇਬੰਦੀਆਂ ਮਿਲ ਕੇ ਇਨ੍ਹਾਂ ਦੇ ਨੇਕ ਇਰਾਦਿਆਂ ਦੀ ਬੁਲੰਦੀ, ਸੁਨਹਿਰੀ ਭਵਿੱਖ ਅਤੇ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ ਤਾਂ ਜੋ ਆਪ ਹਮੇਸ਼ਾ ਲੋਕ ਹਿੱਤਾਂ ਲਈ ਸਮਾਜ ਸੇਵਾ ਦੇ ਕਾਰਜ ਵਿੱਚ ਡੱਟੇ ਰਹਿਣ ।
