ਭਾਰਤੀ ਫੌਜ ਨੂੰ ਭਵਿੱਖ ਵਿੱਚ ਹਰ ਸੰਕਟ ਅਤੇ ਸਥਿਤੀ ਨਾਲ ਬਿਹਤਰ ਢੰਗ ਨਾਲ ਨਜਿੱਠਣ ਲਈ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ। ਫੌਜ ਨੇ ਬੰਦੂਕ (Gun) , ਮਿਜ਼ਾਈਲ (Missile) ਅਤੇ ਡਰੋਨ ਦੀ ਐਮਰਜੈਂਸੀ ਖਰੀਦ ਲਈ ਟੈਂਡਰ ਜਾਰੀ ਕੀਤੇ ਹਨ। ਸਵਦੇਸ਼ੀ ਹਥਿਆਰਾਂ ਨਾਲ ਭਵਿੱਖ ਦੀਆਂ ਲੜਾਈਆਂ ਲੜਨ ਲਈ ਭਾਰਤੀ ਫੌਜ ਨੇ ਘਰੇਲੂ ਨਿਰਮਾਤਾਵਾਂ ਤੋਂ ਹਥਿਆਰ ਅਤੇ ਹੋਰ ਕਈ ਪ੍ਰਣਾਲੀਆਂ ਦੀ ਖਰੀਦ ਲਈ ਟੈਂਡਰ ਜਾਰੀ ਕੀਤੇ ਹਨ।
ਸਰਕਾਰ ਨੇ ਇਸ ਸਾਲ ਅਗਸਤ ਮਹੀਨੇ ਵਿੱਚ ਆਪ੍ਰੇਸ਼ਨਲ ਤਿਆਰੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਰੱਖਿਆ ਬਲਾਂ ਨੂੰ ਐਮਰਜੈਂਸੀ ਪ੍ਰਾਪਤੀ ਸ਼ਕਤੀਆਂ ਦੇ ਤਹਿਤ ਮਹੱਤਵਪੂਰਨ ਹਥਿਆਰ ਪ੍ਰਣਾਲੀਆਂ ਨੂੰ ਖਰੀਦਣ ਦੀ ਇਜਾਜ਼ਤ ਦਿੱਤੀ ਸੀ।
ਸਵਦੇਸ਼ੀ ਹਥਿਆਰਾਂ ਅਤੇ ਸਾਜ਼ੋ-ਸਾਮਾਨ ਲਈ ਟੈਂਡਰ
ਭਾਰਤੀ ਫੌਜ ਨੇ ਕਿਹਾ ਕਿ ਅਸੀਂ ਭਾਰਤੀ ਰੱਖਿਆ ਉਦਯੋਗ ਨੂੰ ਐਮਰਜੈਂਸੀ ਖਰੀਦ ਲਈ ਮਹੱਤਵਪੂਰਨ ਰੱਖਿਆ ਉਪਕਰਨਾਂ ਦੀ ਪੇਸ਼ਕਸ਼ ਕਰਨ ਲਈ ਸੱਦਾ ਦਿੱਤਾ ਹੈ। ਬੰਦੂਕਾਂ , ਮਿਜ਼ਾਈਲ, ਡਰੋਨ, ਕਾਊਂਟਰ ਡਰੋਨ, ਸੰਚਾਰ ਅਤੇ ਆਪਟੀਕਲ ਸਿਸਟਮ , ਇੰਜਨੀਅਰਿੰਗ ਉਪਕਰਣਾਂ ਅਤੇ ਵਿਕਲਪਕ ਊਰਜਾ ਸਰੋਤਾਂ ਲਈ ਪ੍ਰਸਤਾਵ ਬਣਾਏ ਜਾ ਰਹੇ ਹਨ। ਭਾਰਤੀ ਫੌਜ ਮੁਤਾਬਕ ਇਹ ਪ੍ਰਕਿਰਿਆ ਸੀਮਤ ਸਮਾਂ ਸੀਮਾ ‘ਤੇ ਆਧਾਰਿਤ ਹੋਵੇਗੀ।
1 ਸਾਲ ਦੇ ਅੰਦਰ ਦੇਣੀ ਹੋਵੇਗੀ ਡਿਲਿਵਰੀ
ਭਾਰਤੀ ਫੌਜ ਵੱਲੋਂ ਕਿਹਾ ਗਿਆ ਹੈ ਕਿ ਇਸ ਪ੍ਰਕਿਰਿਆ ਤਹਿਤ ਭਾਰਤੀ ਉਦਯੋਗਾਂ ਲਈ ਖਰੀਦ ਖਿੜਕੀ 6 ਮਹੀਨਿਆਂ ਲਈ ਖੁੱਲ੍ਹੀ ਰਹੇਗੀ। ਇਸ ਦੇ ਨਾਲ ਹੀ ਭਾਰਤੀ ਉਦਯੋਗਾਂ ਨੂੰ ਇਕਰਾਰਨਾਮੇ ‘ਤੇ ਦਸਤਖਤ ਕਰਨ ਦੇ ਇਕ ਸਾਲ ਦੇ ਅੰਦਰ ਸਾਜ਼ੋ-ਸਾਮਾਨ ਅਤੇ ਦੇਸੀ ਹਥਿਆਰਾਂ ਦੀ ਡਿਲਿਵਰੀ ਕਰਨੀ ਹੋਵੇਗੀ। ਫੌਜ ਨੇ ਇਹ ਵੀ ਕਿਹਾ ਹੈ ਕਿ ਖਰੀਦ ਦੀ ਪੂਰੀ ਪ੍ਰਕਿਰਿਆ ਓਪਨ ਟੈਂਡਰ ਜਾਂਚ ‘ਤੇ ਆਧਾਰਿਤ ਹੋਵੇਗੀ। ਫੌਜ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪਿਛਲੇ ਕੁਝ ਸਮੇਂ ਤੋਂ ਮੇਕ ਇਨ ਇੰਡੀਆ ਦੇ ਤਹਿਤ ਫੌਜੀ ਉਪਕਰਣ ਅਤੇ ਹਥਿਆਰ ਵਿਕਸਿਤ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।