ਜਲੰਧਰ(EN) ਬਹੁਜਨ ਸਮਾਜ ਪਾਰਟੀ (ਬਸਪਾ) ਦੇ ਲੋਕਸਭਾ ਜਲੰਧਰ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਉਹ ਹਮੇਸ਼ਾ ਪ੍ਰਸ਼ਾਸਨ ਦਾ ਸਤਿਕਾਰ ਕਰਦੇ ਆਏ ਹਨ, ਪਰ ਉਨ੍ਹਾਂ ਨੂੰ ਹੈਰਾਨੀ ਹੈ ਕਿ ਚੋਣ ਜਾਬਤੇ ਦੇ ਦੌਰਾਨ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਜਦੋਂ ਭਾਜਪਾ, ਕਾਂਗਰਸ, ਆਪ ਪਾਰਟੀਆਂ ਦੇ ਉਮੀਦਵਾਰਾਂ ਕੋਲ ਸੁਰੱਖਿਆ ਹੈ, ਉਦੋਂ ਸਿਰਫ ਬਤੌਰ ਬਸਪਾ ਉਮੀਦਵਾਰ ਉਹੀ ਹਨ, ਜਿਨ੍ਹਾਂ ਨੂੰ ਸੁਰੱਖਿਆ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪ੍ਰਸ਼ਾਸਨ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਚੋਣ ਜਾਬਤੇ ਦੇ ਦੌਰਾਨ ਸਭ ਨੂੰ ਬਰਾਬਰ ਰੱਖਣਾ ਹੈ, ਦੂਜੇ ਪਾਸੇ ਸਾਡੇ ਨਾਲ ਗੈਰਬਰਾਬਰੀ ਵਾਲੀ ਸਥਿਤੀ ਬਣਾ ਕੇ ਰੱਖੀ ਹੋਈ ਹੈ। ਉਨ੍ਹਾਂ ਕਿਹਾ ਕਿ ਚੋਣ ਜਾਬਤੇ ਤੋਂ ਇਲਾਵਾ ਇਹ ਸੁਰੱਖਿਆ ਦਾ ਵੀ ਮਸਲਾ ਹੈ। ਉਨ੍ਹਾਂ ਨੂੰ ਪਿਛਲੇ ਲੋਕਸਭਾ ਵਿਚ 2 ਲੱਖ ਕਰੀਬ 5 ਹਜਾਰ ਵੋਟਾਂ ਪਈਆਂ ਸਨ ਤੇ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਵੀ ਕਰਤਾਰਪੁਰ ਹਲਕੇ ਵਿੱਚੋਂ ਉਨ੍ਹਾਂ ਨੂੰ ਕਰੀਬ 34 ਹਜ਼ਾਰ ਵੋਟਾਂ ਪਈਆਂ ਸਨ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਇੰਨੇ ਵੱਡੇ ਪੱਧਰ ‘ਤੇ ਲੋਕਾਂ ਦੀ ਨੁਮਾਇੰਦਗੀ ਕਰਨ ਦੇ ਬਾਵਜੂਦ ਪ੍ਰਸ਼ਾਸਨ ਨੇ ਕਦੇ ਸਾਨੂੰ ਸੁਰੱਖਿਆ ਦੇਣ ਦਾ ਵਿਚਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਮਾਮਲੇ ਵਿੱਚ ਪ੍ਰਸ਼ਾਸਨ ਵੱਲੋਂ ਫੈਸਲੇ ਜ਼ਿਆਦਾਤਰ ਰਾਜਨੀਤਕ ਪ੍ਰਭਾਵ ਵਿੱਚ ਹੀ ਲਏ ਜਾਂਦੇ ਹਨ, ਜਿਸ ਵਿੱਚ ਸਿਰਫ ਸੱਤਾਧਾਰੀ ਧਿਰ ਨਾਲ ਸਬੰਧਤ ਹਿੱਤਾਂ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ, ਬਾਕੀਆਂ ਦੀ ਅਣਦੇਖੀ ਕਰ ਦਿੱਤੀ ਜਾਂਦੀ ਹੈ। ਉਨਾਂ ਕਿਹਾ ਕਿ ਹਾਲਾਂਕਿ ਹੁਣ ਚੋਣ ਜਾਬਤਾ ਲੱਗ ਚੁੱਕਾ ਹੈ ਅਤੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਰਾਜਨੀਤਕ ਪ੍ਰਭਾਵ ਤੋਂ ਮੁਕਤ ਹੋ ਕੇ ਫੈਸਲੇ ਲੈਣੇ ਚਾਹੀਦੇ ਹਨ, ਪਰ ਸਾਨੂੰ ਲੱਗਦਾ ਹੈ ਕਿ ਬਿਨ੍ਹਾਂ ਕਿਸੇ ਆਧਾਰ ਦੇ ਸਾਨੂੰ ਸੁਰੱਖਿਆ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ 16 ਅਪ੍ਰੈਲ ਨੂੰ ਜ਼ਿਲ੍ਹਾ ਚੋਣ ਅਫਸਰ ਡਾ. ਹਿਮਾਸ਼ੂ ਅਗਰਵਾਲ ਤੇ ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਸਵਪਨ ਸ਼ਰਮਾ ਨਾਲ ਵੀ ਗੱਲਬਾਤ ਕਰ ਚੁੱਕੇ ਹਨ, ਪਰ ਪ੍ਰਸ਼ਾਸਨ ਵੱਲੋਂ ਅਜੇ ਵੀ ਲਾਰੇ ਹੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣ ਜਾਬਤੇ ਵਿੱਚ ਪ੍ਰਸ਼ਾਸਨ ਸਾਡੇ ਤੋਂ ਉਮੀਦ ਕਰਦਾ ਹੈ ਕਿ ਅਸੀਂ ਉਨ੍ਹਾਂ ਦੇ ਸਾਰੇ ਹਰ ਨਿਯਮ ਮੰਨੀਏ, ਪਰ ਸਾਡੇ ਪ੍ਰਤੀ ਕੋਈ ਜਬਾਵਦੇਹੀ ਨਹੀਂ। ਇਸ ਤੋਂ ਉਨ੍ਹਾਂ ਇਹ ਵੀ ਕਿਹਾ ਕਿ ਮੇਰੇ ਕਈ ਡੁਪਲੀਕੇਟ ਪੇਜ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਵੀ ਬਣਾਏ ਗਏ, ਇਸ ਸਬੰਧੀ ਅਸੀਂ ਕਮਿਸ਼ਨਰੇਟ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ, ਪਰ ਇਸ ਮਾਮਲੇ ਵਿੱਚ ਵੀ ਜਲਦ ਕਾਰਵਾਈ ਕਰਨੀ ਜਰੂਰੀ ਨਹੀਂ ਸਮਝੀ। ਉਨ੍ਹਾਂ ਕਿਹਾ ਕਿ ਪਿਛਲੀਆਂ ਲੋਕਸਭਾ ਚੋਣਾਂ ਵਿੱਚ ਵੀ ਪ੍ਰਸ਼ਾਸਨ ਪਾਸਕਰ ਪੁਲਿਸ ਦਾ ਸਾਡੇ ਪ੍ਰਤੀ ਰਵੱਈਆ ਬੜਾ ਪੱਖਪਾਤੀ ਸੀ, ਸਾਡੇ ‘ਤੇ ਨਜਾਇਜ਼ ਬੰਦਿਸ਼ਾਂ ਲਗਾਈਆਂ ਤੇ ਸਾਡੇ ਵਰਕਰਾਂ ਦੇ ਘਰਾਂ ਵਿੱਚ ਜਾ ਕੇ ਵੀ ਕਮਿਸ਼ਨਰੇਟ ਪੁਲਿਸ ਵੱਲੋਂ ਸਾਡੇ ਫਲੈਕਸ ਪਾੜੇ ਗਏ। ਪ੍ਰਸ਼ਾਸਨ ਦੇ ਹੁਣ ਦੇ ਸਾਡੇ ਪ੍ਰਤੀ ਰੁਝਾਏ ਤੋਂ ਇਹੀ ਲੱਗਦਾ ਹੈ ਕਿ ਪ੍ਰਸਾਸਨ ਵਲੋਂ ਅੱਗੇ ਜਾ ਕੇ ਸਾਡੇ ਨਾਲ ਹੋਰ ਵੀ ਪੱਖਪਾਤ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਪਹਿਲਾਂ ਵੀ ਆਪ ਸਰਕਾਰ ਦੇ ਦੌਰਾਨ ਸਾਡੇ ਖਿਲਾਫ ਬਿਨ੍ਹਾਂ ਕਿਸੇ ਜੁਰਮ ਦੇ ਪੁਲਿਸ ਵੱਲੋਂ ਝੂਠੇ ਪਰਚੇ ਪਾਏ ਗਏ ਸਨ, ਤਾਂ ਕਿ ਅਸੀਂ ਆਪ ਦੀਆਂ ਜਨਵਿਰੋਧੀ ਨੀਤੀਆਂ ਦਾ ਵਿਰੋਧ ਨਾ ਕਰ ਸਕੀਏ। ਸਾਡੇ ਨਾਲ ਫਰਕ ਨਾਲ ਦਾ ਮਸਲਾ ਅਜੇ ਵੀ ਜਿਉਂ ਦਾ ਤਿਉਂ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਸਾਡੇ ਨਾਲ ਇਸ ਤਰ੍ਹਾਂ ਦਾ ਹੀ ਪੱਖਪਾਤ ਰਵੱਈਆ ਜਾਰੀ ਰਿਹਾ ਤਾਂ ਇਸ ਦਾ ਸਖਤ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਬਸਪਾ ਆਗੂ ਗੁਰਮੇਲ ਚੁੰਬਰ, ਜਸਵੰਤ ਰਾਏ, ਜਗਦੀਸ਼ ਸ਼ੇਰਪੁਰ, ਸੁਖਵਿੰਦਰ ਬਿੱਟੂ, ਮਦਨ ਲਾਲ ਮੱਦੀ ਆਦਿ ਵੀ ਮੌਜੂਦ ਸਨ।