07/27/2024 9:45 AM

ਲੋਕਾਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣ ਲਈ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ- ਐਡਵੋਕੇਟ ਬਲਵਿੰਦਰ ਕੁਮਾਰ

ਜਲੰਧਰ(EN) ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਜਲੰਧਰ ਸ਼ਹਿਰ ’ਚ ਲੋਕਾਂ ਨਾਲ ਰੂਬਰੂ ਹੁੰਦਿਆਂ ਕਿਹਾ ਕਿ ਲੋਕਸਭਾ ਚੋਣ ਦੌਰਾਨ ਜਲੰਧਰ ਦੇ ਅਸਲ ਮੁੱਦੇ ਗਾਇਬ ਹਨ। ਕੇਂਦਰ ਤੇ ਪੰਜਾਬ ਦੀ ਸੱਤਾ ’ਚ ਰਹੀਆਂ ਪਾਰਟੀਆਂ ਲੋਕਾਂ ਨਾਲ ਜੁੜੇ ਅਸਲ ਮੁੱਦਿਆਂ ’ਤੇ ਗੱਲ ਨਹੀਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਜਲੰਧਰ ਦੇ ਲੋਕਾਂ ਨਾਲ ਜੁੜਿਆ ਮੁੱਖ ਮੁੱਦਾ ਹੈ। ਇੱਥੇ ਲੋਕਾਂ ਨੂੰ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਹੋ ਰਹੀਆਂ ਹਨ। ਕੇਂਦਰ ਤੇ ਸੂਬੇ ਦੀ ਸੱਤਾ ’ਚ ਰਹੀਆਂ ਕਾਂਗਰਸ, ਅਕਾਲੀ-ਭਾਜਪਾ ਤੇ ਆਪ ਦੀਆਂ ਸਰਕਾਰਾਂ ਨੇ ਇਨ੍ਹਾਂ ਬਿਮਾਰੀਆਂ ਦੇ ਫੈਲਣ ਅਤੇ ਇਨ੍ਹਾਂ ਦੇ ਕਾਰਨਾਂ ਬਾਰੇ ਜਾਨਣ ਲਈ ਕੋਈ ਰਿਸਰਚ ਨਹੀਂ ਕਰਵਾਈ। ਜਲੰਧਰ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ’ਚ ਲਗਾਤਾਰ ਕੈਂਸਰ ਫੈਲ ਰਿਹਾ ਹੈ, ਜਿਸ ਕਰਕੇ ਮੌਤਾਂ ਹੋ ਰਹੀਆਂ ਹਨ। ਇਸਦੇ ਬਾਵਜੂਦ ਇਨ੍ਹਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਨਾ ਤਾਂ ਇਸਨੂੰ ਰੋਕਣ ਲਈ ਕੋਈ ਪ੍ਰਬੰਧ ਕੀਤਾ ਤੇ ਨਾ ਹੀ ਯੋਗ ਇਲਾਜ ਦੇਣ ਦੀ ਵਿਵਸਥਾ ਕੀਤੀ। ਗੰਭੀਰ ਬਿਮਾਰੀਆਂ, ਜਿਵੇਂ ਕੈਂਸਰ ’ਤੇ ਨਾ ਚਰਚਾ ਹੋ ਰਹੀ ਹੈ, ਨਾ ਇਲਾਜ ਦਾ ਪ੍ਰਬੰਧ ਅਤੇ ਨਾ ਹੀ ਇਸਦੇ ਕਾਰਨ ਲੱਭੇ ਜਾ ਰਹੇ ਹਨ। ਜਿਨ੍ਹਾਂ ਸਰਕਾਰਾਂ ਨੂੰ ਲੋਕਾਂ ਦੀ ਜ਼ਿੰਦਗੀ ਦੀ ਪਰਵਾਹ ਨਹੀਂ, ਉਹ ਉਨ੍ਹਾਂ ਦਾ ਭਲਾ ਕਿਵੇਂ ਕਰਨਗੀਆਂ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜੇਕਰ ਜਲੰਧਰ ਦੇ ਲੋਕ ਉਨ੍ਹਾਂ ਨੂੰ ਜਿਤਾਉਂਦੇ ਹਨ ਤਾਂ ਉਹ ਇਸ ਪਾਸੇ ਵਿਸ਼ੇਸ਼ ਧਿਆਨ ਦੇਣਗੇ। ਇਸ ਸਬੰਧ ’ਚ ਰਿਸਰਚ ਕਰਕੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਦਾ ਕੰਮ ਕੀਤਾ ਜਾਵੇਗਾ।