03/01/2024 10:56 PM

ਫੁੱਟਬਾਲ ਫੈਨਜ਼ ਲਈ ਖੁਸ਼ਖ਼ਬਰੀ, ਯੂਰੋ 2024 ਤੱਕ ਨਹੀਂ ਲੈਣਗੇ ਰੋਨਾਲਡੋ ਸੰਨਿਆਸ

ਕ੍ਰਿਸਟੀਆਨੋ ਰੋਨਾਲਡੋ  (Cristiano Ronaldo) ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਉਨ੍ਹਾਂ ਦੇ ਮਨਪਸੰਦ ਫੁੱਟਬਾਲਰ ਦੀ ਅਗਲੇ ਦੋ ਸਾਲਾਂ ਲਈ ਸੰਨਿਆਸ ਲੈਣ ਦੀ ਕੋਈ ਯੋਜਨਾ ਨਹੀਂ ਹੈ। ਰੋਨਾਲਡੋ ਹੁਣ ਯੂਰੋ 2024 ਤੱਕ ਫੁੱਟਬਾਲ ਖੇਡਦਾ ਰਹਿਣਾ ਚਾਹੁੰਦਾ ਹੈ। ਇਹ ਗੱਲ ਉਨ੍ਹਾਂ ਨੇ ਖੁਦ ਇਕ ਐਵਾਰਡ ਸਮਾਰੋਹ ‘ਚ ਕਹੀ ਹੈ।

ਰੋਨਾਲਡੋ ਨੂੰ ਲਿਸਬਨ ਵਿੱਚ ਫੁਟਬਾਲ ਫੈਡਰੇਸ਼ਨ ਆਫ ਪੁਰਤਗਾਲ (ਐਫਪੀਐਫ) ਦੁਆਰਾ ਆਯੋਜਿਤ ਪੁਰਸਕਾਰ ਸਮਾਰੋਹ ਵਿੱਚ ਆਪਣੇ ਦੇਸ਼ ਲਈ ਸਭ ਤੋਂ ਵੱਧ ਗੋਲ ਕਰਨ ਲਈ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਦੱਸਿਆ, ‘ਮੇਰਾ ਸਫਰ ਅਜੇ ਖਤਮ ਨਹੀਂ ਹੋਇਆ ਹੈ। ਮੈਂ ਵਿਸ਼ਵ ਕੱਪ ਅਤੇ ਯੂਰੋ ਦਾ ਹਿੱਸਾ ਬਣਨਾ ਚਾਹੁੰਦਾ ਹਾਂ। ਮੈਂ ਇਸ ਲਈ ਬਹੁਤ ਉਤਸ਼ਾਹਿਤ ਹਾਂ ਅਤੇ ਮੇਰਾ ਟੀਚਾ ਬਹੁਤ ਸਪੱਸ਼ਟ ਹੈ।

ਰੋਨਾਲਡੋ ਨੇ ਆਪਣੇ ਕਰੀਅਰ ‘ਚ ਪੁਰਤਗਾਲ ਲਈ 189 ਮੈਚਾਂ ‘ਚ 117 ਗੋਲ ਕੀਤੇ ਹਨ। ਰੋਨਾਲਡੋ ਨੇ ਪਿਛਲੇ ਸਾਲ ਸਤੰਬਰ ਵਿੱਚ ਸਭ ਤੋਂ ਵੱਧ ਅੰਤਰਰਾਸ਼ਟਰੀ ਗੋਲ ਕਰਨ ਦਾ ਰਿਕਾਰਡ ਬਣਾਇਆ ਸੀ। ਉਸਨੇ ਆਇਰਲੈਂਡ ਵਿਰੁੱਧ ਗੋਲ ਕਰਕੇ ਮਹਾਨ ਈਰਾਨੀ ਫੁਟਬਾਲਰ ਅਲੀ ਦਾਈ ਦੁਆਰਾ ਰੱਖੇ 109 ਗੋਲਾਂ ਦੇ ਰਿਕਾਰਡ ਨੂੰ ਪਛਾੜ ਦਿੱਤਾ। ਦੱਸ ਦੇਈਏ ਕਿ ਰੋਨਾਲਡੋ ਹੁਣ ਕਤਰ ਵਿੱਚ ਨਵੰਬਰ ਵਿੱਚ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ 2022 ਵਿੱਚ ਆਪਣੇ ਦੇਸ਼ ਲਈ ਖੇਡਦੇ ਨਜ਼ਰ ਆਉਣਗੇ। ਇਹ ਉਸ ਦਾ 10ਵਾਂ ਵੱਡਾ ਅੰਤਰਰਾਸ਼ਟਰੀ ਟੂਰਨਾਮੈਂਟ ਹੋਵੇਗਾ।

ਰੋਨਾਲਡੋ ਮੈਨਚੈਸਟਰ ਯੂਨਾਈਟਿਡ ਦੇ ਨਾਲ ਰਹਿਣਗੇ

ਰੋਨਾਲਡੋ ਵਰਤਮਾਨ ਵਿੱਚ ਮਾਨਚੈਸਟਰ ਯੂਨਾਈਟਿਡ ਲਈ ਕਲੱਬ ਫੁੱਟਬਾਲ ਖੇਡਦਾ ਹੈ। ਪਿਛਲੇ ਸੀਜ਼ਨ ‘ਚ ਉਸ ਨੇ ਆਪਣੇ ਪੁਰਾਣੇ ਕਲੱਬ ਲਈ ਸ਼ਾਨਦਾਰ ਖੇਡ ਦਿਖਾਈ। ਹਾਲਾਂਕਿ ਪਿਛਲੇ ਸਾਲ ਯੂਨਾਈਟਿਡ ਦਾ ਸਮੁੱਚਾ ਪ੍ਰਦਰਸ਼ਨ ਕੁਝ ਖਾਸ ਨਹੀਂ ਸੀ। ਇਸ ਵਾਰ ਨਵੇਂ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਇਹ ਵੀ ਜ਼ੋਰ-ਸ਼ੋਰ ਨਾਲ ਚਰਚਾ ‘ਚ ਸੀ ਕਿ ਰੋਨਾਲਡੋ ਯੂਨਾਈਟਿਡ ਨੂੰ ਛੱਡ ਸਕਦੇ ਹਨ, ਹਾਲਾਂਕਿ ਉਹ ਆਪਣੇ ਕਲੱਬ ਦੇ ਨਾਲ ਹੀ ਬਣੇ ਹੋਏ ਹਨ।