ਕਾਂਗਰਸ ਤੇ ਭਾਜਪਾ ਨੇ ਸੰਵਿਧਾਨ ਅਤੇ ਲੋਕਤੰਤਰ ਦਾ ਹਮੇਸ਼ਾ ਸੋਸ਼ਨ ਕੀਤਾ
ਬਾਜੀਗਰ ਭਾਈਚਾਰੇ ਅਤੇ ਸ਼ਹਿਰ ਦੀ ਪ੍ਰਸਿੱਧ ਬੂਟਾ ਮੰਡੀ ‘ਚੋਂ ਮਿਲੀ ਭਰਪੂਰ ਹਿਮਾਇਤ
ਜਲੰਧਰ, 26 ਮਈ (EN) ਲੋਕ ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਪਰਖੇ ਹੋਏ ਧੜੱਲੇਦਾਰ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਵੱਖ-ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਮਾਜ ਨੂੰ ਆਪਣੇ ਹੱਕ ਲੈਣ ਲਈ ਘਰਾਂ ਵਿੱਚੋਂ ਨਿਕਲ ਕੇ ਹੰਭਲਾ ਮਾਰਨਾ ਪਵੇਗਾ, ਕਿਉਂਕਿ ਭਾਜਪਾ ਤੇ ਕਾਂਗਰਸ ਸਰਕਾਰਾਂ ਲਗਾਤਾਰ ਸੰਵਿਧਾਨ ਦੇ ਉਲਟ ਕਾਰਵਾਈਆਂ ਕਰਦੀਆਂ ਆ ਰਹੀਆਂ ਹਨ | ਇਹੋ ਕਾਰਨ ਹੈ ਕਿ ਸਮਾਜ ਵਿੱਚ ਅੱਜ ਵੀ ਨਾਬਰਾਬਰੀ ਨਜ਼ਰ ਆਉਂਦੀ ਹੈ | ਸਮਾਜ ਵਿੱਚ ਲਗਾਤਾਰ ਪਸਰ ਰਹੀ ਅਨਿਆਂ ਅਤੇ ਨਾਬਰਾਬਰੀ ਨੂੰ ਖਤਮ ਕਰਨ ਲਈ ਸਾਨੂੰ ਆਪਣੇ ਸੁੱਖ-ਅਰਾਮ ਛੱਡਣੇ ਪੈਣਗੇ ਅਤੇ ਸੰਸਦ ਵਿੱਚ ਦਲੀਲਾਂ ਨਾਲ ਪ੍ਰਭਾਵਸ਼ਾਲੀ ਆਵਾਜ਼ ਚੁੱਕਣੀ ਪਵੇਗੀ | ਪਵਨ ਟੀਨੂੰ ਨੇ ਦਸਿਆ ਕਿ ਕਿਵੇਂ ਕਾਂਗਰਸ ਵੱਲੋਂ 1947 ਤੋਂ ਸੰਵਿਧਾਨ ਨੂੰ ਠੋਸ ਤਰੀਕੇ ਨਾਲ ਲਾਗੂ ਨਾ ਕਰਨ ਕਾਰਨ ਵੱਖ-ਵੱਖ ਸਮੇਂ ‘ਤੇ ਲਹਿਰਾਂ ਉਠੀਆਂ ਜੋ ਸਾਡੇ ਸਮਾਜ ਦੇ ਸੁਚੇਤ ਹੋਣ ਦੀ ਨਿਸ਼ਾਨੀ ਹੈ |ਪਵਨ ਟੀਨੂੰ ਨੇ ਲੋਕਾਂ ਨੂੰ ਵਿਸ਼ਵਾਸ਼ ਦਵਾਇਆ ਕਿ ਤੁਸੀ ਮੇਰੇ ਉਤੇ ਵਿਸ਼ਵਾਸ ਕਰੋ ਅਤੇ ਜਿਵੇਂ ਉਹ ਅਸੰਬਲੀ ਵਿੱਚ ਸਭ ਤੋਂ ਵੱਧ ਸਵਾਲ ਪੁੱਛਦੇ ਰਹੇ ਹਨ ਇਸੇ ਤਰ੍ਹਾਂ ਆਪ ਸਭਨਾ ਦੇ ਅਸ਼ੀਰਵਾਦ ਨਾਲ ਸੰਸਦ ਵਿੱਚ ਪੁੱਜ ਕੇ ਉਹ ਲੋਕ ਹਿਤਾਂ ਲਈ ਹਰ ਕਿਸਮ ਦੀ ਜਰੂਰੀ ਅਵਾਜ ਉਠਾਉਂਦੇ ਰਹਿਣਗੇ | ਪਵਨ ਟੀਨੂੰ ਨੇ ਨਕੋਦਰ ਵਿੱਚ ਬਾਜੀਗਰ ਭਾਈਚਾਰੇ ਦੀ ਵੱਡੀ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਦਸਿਆ ਕਿ ਇਸ ਭਾਈਚਾਰੇ ਦਾ ਜਿਨ੍ਹਾਂ ਵੱਡਾ ਇਤਿਹਾਸ ਹੈ ਪਰ ਦੁਖ ਦੀ ਗੱਲ ਹੈ ਕਿ ਸੰਵਿਧਾਨ ਨੂੰ ਪੂਰੀ ਤਰ੍ਹਾਂ ਲਾਗੂ ਨਾ ਕੀਤੇ ਜਾਣ ਕਾਰਨ ਅਜਿਹੇ ਅਨੇਕਾਂ ਛੋਟੇ-ਵੱਡੇ ਸਮਾਜ ਅਣਗੌਲੇ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਸਿਰਫ ਆਮ ਆਦਮੀ ਪਾਰਟੀ ਹੀ ਦੇਸ਼ ਵਿੱਚ ਅਜਿਹੀ ਪਾਰਟੀ ਹੈ ਜੋ ਨਿਧੜਕ ਹੋ ਕੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ ਤੇ ਸਾਨੂੰ ਸਾਰਿਆਂ ਨੂੰ ‘ਆਪ’ ਦੀ ਭਰਪੂਰ ਹਿਮਾਇਤ ਕਰਨੀ ਚਾਹੀਦੀ ਹੈ | ਇਸ ਮੌਕੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਵੀ ਹਾਜਰ ਸਨ |
ਇਸ ਤੋਂ ਪਹਿਲਾਂ ਬੀਤੀ ਦੇਰ ਰਾਤ ਤਕ ਚਲੀ ਸ਼ਹਿਰ ਦੇ ਪ੍ਰਸਿੱਧ ਬੂਟਾ ਮੰਡੀ ਇਲਾਕੇ ਵਿੱਚ ਮੀਟਿੰਗ ਨੇ ਪਵਨ ਟੀਨੂੰ ਨੂੰ ਵੱਡੀ ਹਿਮਾਇਤ ਦਿਤੀ | ਹਾਜਰੀਨ ਦੇਰ ਰਾਤ ਤਕ ਪਵਨ ਟੀਨੂੰ ਦੇ ਨਾਲ ਪੁਰਾਣੀਆਂ ਸਾਂਝਾਂ ਤਾਜ਼ਾ ਕਰਦੇ ਰਹੇ ਤੇ ਉਨ੍ਹਾਂ ਦੀਆਂ ਭਵਿੱਖ ਨੀਤੀਆਂ ਬਾਰੇ ਜਾਣਕਾਰੀ ਹਾਂਸਲ ਕਰਦੇ ਰਹੇ | ਕਰੀਬ ਅੱਧੀ ਰਾਤ ਨੂੰ ਸਮਾਪਤ ਹੋਈ ਇਸ ਮੀਟਿੰਗ ਵਿੱਚ ਹਾਜਰੀਨ ਨੇ ਬੜੇ ਉਤਸਾਹ ਦੇ ਨਾਲ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੱਲਣ ਦਾ ਐਲਾਨ ਕੀਤਾ | ਇਸ ਮੌਕੇ ਹਲਕਾ ਜਲੰਧਰ ਛਾਉਣੀ ਦੀ ਇੰਚਾਰਜ ਰਾਜਵਿੰਦਰ ਕੌਰ, ਚੇਅਰਮੈਨ ਪੰਜਾਬ ਐਗਰੋ ਮੰਗਲ ਸਿੰਘ ਬਾਸੀ, ਚੇਅਰਮੈਨ ਸਫਾਈ ਸੇਵਕ ਕਮਿਸ਼ਨ ਚੰਦਨ ਗਰੇਵਾਲ ਤੇ ਹੋਰ ਬਹੁਤ ਸਾਰੇ ਆਗੂ ਤੇ ਉਨ੍ਹਾਂ ਦੇ ਹਿਮਾਇਤੀ ਹਾਜਰ ਸਨ |