ਜਲੰਧਰ(EN) ਬਸਪਾ ਦੀ ਜਲੰਧਰ ਲੋਕਸਭਾ ਸੀਟ ’ਤੇ ਪਕੜ ਲਗਾਤਾਰ ਮਜ਼ਬੂਤ ਹੁੰਦੀ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਜਲੰਧਰ ਤੋਂ ਆਪ ਦੇ ਵੱਡੇ ਲੀਡਰ ਸੁੱਖਾ ਸਗਨੇਵਾਲ, ਜੋ ਕਿ ਫਿਲੌਰ ਨਾਲ ਸਬੰਧਤ ਹਨ, ਆਪਣੇ ਸੈਂਕੜੇ ਸਾਥੀਆਂ ਸਮੇਤ ਬਸਪਾ ’ਚ ਸ਼ਾਮਲ ਹੋ ਗਏ। ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਸੁੱਖਾ ਸਗਨੇਵਾਲ ਤੇ ਉਨ੍ਹਾਂ ਦੇ ਸਾਥੀਆਂ ਨੂੰ ਪਾਰਟੀ ’ਚ ਸ਼ਾਮਿਲ ਕਰਾਇਆ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਭਾਜਪਾ, ਆਪ ਤੇ ਕਾਂਗਰਸ ਸਰਕਾਰਾਂ ਦੀਆਂ ਨੀਤੀਆਂ ਹਮੇਸ਼ਾ ਲੋਕ ਵਿਰੋਧੀ ਰਹੀਆਂ ਹਨ। ਕਾਂਗਰਸ ਦੇ ਰਾਜ ’ਚ 1984 ’ਚ ਲੋਕਾਂ ਖਿਲਾਫ ਸਰਕਾਰੀ ਮਸ਼ੀਨਰੀ ਵਰਤੀ ਗਈ। ਇਸੇ ਤਰ੍ਹਾਂ ਭਾਜਪਾ ਤੇ ਮੌਜ਼ੂਦਾ ਆਪ ਸਰਕਾਰ ਦੌਰਾਨ ਹੋਇਆ।
ਦੂਜੇ ਪਾਸੇ ਬਸਪਾ ਨੂੰ ਜਦੋਂ ਯੂਪੀ ’ਚ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਤਾਂ ਉਸਨੇ ਕਿਸੇ ਵੀ ਵਰਗ ਜਾਂ ਵਿਅਕਤੀ ਖਿਲਾਫ ਸਟੇਟ ਮਸ਼ੀਨਰੀ ਦੀ ਦੁਰਵਰਤੋਂ ਨਹੀਂ ਕੀਤੀ। ਬਸਪਾ ਸਰਕਾਰ ਦੌਰਾਨ ਕਿਸਾਨਾਂ ਨੂੰ ਫਸਲਾਂ ਦਾ ਸਮੇਂ ਸਿਰ ਮੁੱਲ ਦਿੱਤਾ ਗਿਆ। ਲੋਕਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਰਨ ਲਈ ਕਾਨੂੰਨ ਵਿਵਸਥਾ ਬਹਾਲ ਰੱਖੀ ਗਈ। ਉਨ੍ਹਾਂ ਕਿਹਾ ਕਿ ਬਸਪਾ ਦਾ ਫਲਸਫਾ ਮਨੁੱਖਤਾ ਦੇ ਭਲੇ ਵਾਲਾ ਰਿਹਾ ਹੈ। ਇਸੇ ਕਰਕੇ ਹਰ ਵਰਗ ਦੇ ਲੋਕ ਬਸਪਾ ਨਾਲ ਜੁੜ ਰਹੇ ਹਨ। ਬਸਪਾ ਜਲੰਧਰ ’ਚ ਮੁੱਖ ਧਿਰ ਹੈ। ਜਿਸ ਤਰ੍ਹਾਂ ਨਾਲ ਉਨ੍ਹਾਂ ਦੇ ਪੱਖ ’ਚ ਲਹਿਰ ਚੱਲ ਰਹੀ ਹੈ, ਉਸ ਤੋਂ ਇਹ ਯਕੀਨੀ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਬਸਪਾ ਦੀ ਜਲੰਧਰ ਸੀਟ ਤੋਂ ਜਿੱਤ ਯਕੀਨੀ ਹੈ। ਇਸ ਮੌਕੇ ਬਸਪਾ ਆਗੂ ਲਾਲ ਚੰਦ ਔਜਲਾ, ਤੀਰਥ ਰਾਜਪੁਰਾ, ਸੁਖਵਿੰਦਰ ਬਿੱਟੂ, ਜਤਿੰਦਰ ਹੈਪੀ, ਅਮਨਦੀਪ ਨਵਾਂ ਪਿੰਡ, ਰਿਟਾ. ਐਸਡੀਓ ਸਤਪਾਲ, ਖੁਸ਼ੀ ਰਾਮ ਸਰਪੰਚ, ਡਾ. ਲਖਵੀਰ, ਜਰਨੈਲ ਰੁੜਕਾਂ, ਅਸ਼ੋਕ ਰੱਤੂ, ਬਲਾਕ ਸੰਮਤੀ ਮੈਂਬਰ ਜਸਪਾਲ ਗੜ੍ਹਾ, ਸਰਪੰਚ ਬੁੱਧ ਪ੍ਰਕਾਸ਼ ਆਦਿ ਵੀ ਮੌਜ਼ੂਦ ਸਨ।