07/13/2024 9:14 PM

ਸ਼ਹੀਦ ਬਾਬਾ ਨਿਹਾਲ ਸਿੰਘ ਜੀ ਦੇ 73ਵੇਂ ਸਲਾਨਾ ਸ਼ਹੀਦੀ ਜੋੜ ਮੇਲੇ ’ਚ ਕੀਤੀ ਸ਼ਮੂਲੀਅਤ

ਡਿਪਟੀ ਕਮਿਸ਼ਨਰ ਗੁਰਦੁਆਰਾ ਤੱਲ੍ਹਣ ਸਾਹਿਬ ਵਿਖੇ ਨਤਮਸਤਕ

ਗੁਰਦੁਆਰਾ ਸਾਹਿਬ ਵਿਖੇ ਸਟੀਮ ਨਾਲ ਲੰਗਰ ਤਿਆਰ ਕਰਨ ਲਈ ਸਥਾਪਤ ਪਲਾਂਟ ਦਾ ਦੌਰਾ,ਖੂਨ ਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਵੀ ਵੰਡੇ

ਜਲੰਧਰ, 16 ਜੂਨ(EN) ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਗੁਰਦੁਆਰਾ ਸ਼ਹੀਦਾਂ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲ੍ਹਣ ਵਿਖੇ ਨਤਮਸਤਕ ਹੁੰਦਿਆਂ ਜ਼ਿਲ੍ਹੇ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
ਇਥੇ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਦੇ 73ਵੇਂ ਸਲਾਨਾ ਸ਼ਹੀਦੀ ਜੋੜ ਮੇਲੇ ਵਿੱਚ ਸ਼ਮੂਲੀਅਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ, ਸੰਤਾਂ, ਮਹਾਂਪੁਰਖਾਂ ਦੀ ਧਰਤੀ ਹੈ, ਜਿਨ੍ਹਾਂ ਵੱਲੋਂ ਦਰਸਾਏ ਮਾਰਗ ’ਤੇ ਚੱਲਦਿਆਂ ਸਾਨੂੰ ਸਾਰਿਆਂ ਨੂੰ ਲੋਕਾਂ ਦੀ ਭਲਾਈ, ਕਮਜ਼ੋਰ ਵਰਗਾਂ ਦੀ ਮਦਦ ਅਤੇ ਮਨੁੱਖਤਾ ਦੀ ਸੇਵਾ ਲਈ ਵਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ।
ਉਪਰੰਤ ਡਾ. ਅਗਰਵਾਲ ਨੇ ਗੁਰਦੁਆਰਾ ਸਾਹਿਬ ਵਿਖੇ ਸਟੀਮ (ਭਾਫ਼) ਨਾਲ ਲੰਗਰ ਤਿਆਰ ਕਰਨ ਲਈ 20 ਲੱਖ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੇ ਗਏ ਪਲਾਂਟ ਦਾ ਦੌਰਾ ਕੀਤਾ। ਇਸ ਪਲਾਂਟ ਰਾਹੀਂ 45 ਮਿੰਟਾਂ ਵਿੱਚ 6000 ਵਿਅਕਤੀਆਂ ਲਈ ਲੰਗਰ ਤਿਆਰ ਕੀਤਾ ਜਾ ਸਕਦਾ ਹੈ।
ਇਸ ਮੌਕੇ ਸ਼ਹੀਦ ਬਾਬਾ ਨਿਹਾਲ ਸਿੰਘ ਚੈਰੀਟੇਬਲ ਹਸਪਤਾਲ ਵੱਲੋਂ ਗੁਰਦੁਆਰਾ ਸਾਹਿਬ ਵਿਖੇ 5 ਦਿਨਾਂ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ, ਜਿਸ ਦੀ ਸ਼ੁਰੂਆਤ 12 ਜੂਨ ਨੂੰ ਕੀਤੀ ਗਈ ਸੀ। ਕੈਂਪ ਦੇ ਆਖਰੀ ਦਿਨ ਖੂਨਦਾਨ ਕੈਂਪ ਵੀ ਲਗਾਇਆ ਗਿਆ, ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਨੇ ਕਰਦਿਆਂ ਕਿਹਾ ਕਿ ਖੂਨਦਾਨ ਮਨੁੱਖਤਾ ਦੀ ਸੱਚੀ ਸੇਵਾ ਹੈ, ਜਿਸ ਨਾਲ ਕਿਸੇ ਨੂੰ ਜੀਵਨ ਦਾਨ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਤੰਦਰੁਸਤ ਵਿਅਕਤੀ ਨੂੰ ਖੂਨ ਦਾਨ ਜ਼ਰੂਰ ਕਰਨਾ ਚਾਹੀਦਾ ਹੈ, ਜਿਸ ਨਾਲ ਸਰੀਰ ਵਿੱਚ ਕਿਸੇ ਕਿਸਮ ਦੀ ਕਮਜ਼ੋਰੀ ਨਹੀਂ ਆਉਂਦੀ ਸਗੋਂ ਮਨ ਨੂੰ ਸ਼ਾਂਤੀ ਮਿਲਦੀ ਹੈ।
ਉਨ੍ਹਾਂ ਖੂਨ ਦਾਨੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਸਰਟੀਫਿਕੇਟ ਵੰਡੇ। ਇਸ ਮੌਕੇ ਉਨ੍ਹਾਂ ਗੁਰਦੁਆਰਾ ਸਾਹਿਬ ਅਤੇ ਹਸਪਤਾਲ ਦੇ ਪ੍ਰਬੰਧਾਂ ਬਾਰੇ ਪ੍ਰਬੰਧਕਾਂ ਤੋਂ ਜਾਣਕਾਰੀ ਵੀ ਹਾਸਲ ਕੀਤੀ।
ਡਿਪਟੀ ਕਮਿਸ਼ਨਰ ਨੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ। ਉਪਰੰਤ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਐਸ.ਡੀ.ਐਮ. ਜੈ ਇੰਦਰ ਸਿੰਘ, ਸਬ ਰਜਿਸਟਰਾਰ ਜਲੰਧਰ-1 ਮਨਿੰਦਰ ਸਿੰਘ ਸਿੱਧੂ, ਮੈਨੇਜਰ ਬਲਜੀਤ ਸਿੰਘ ਅਤੇ ਵੱਡੀ ਗਿਣਤੀ ਸੰਗਤ ਵੀ ਮੌਜੂਦ ਸੀ।