ਭਾਰਤ ਅਤੇ ਬ੍ਰਿਟੇਨ ਲੰਬੇ ਸਮੇਂ ਤੋਂ ਫ੍ਰੀ ਟਰੇਡ ਐਗਰੀਮੈਂਟ ਦੀ ਗੱਲ ਕਰ ਰਹੇ ਹਨ। ਇਸ ਸਬੰਧ ‘ਚ ਵੱਡਾ ਬਿਆਨ ਦਿੰਦਿਆਂ ਬ੍ਰਿਟਿਸ਼ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ ਦੀਵਾਲੀ ਤੱਕ ਦੋਵਾਂ ਦੇਸ਼ਾਂ ਵਿਚਾਲੇ ਫ੍ਰੀ ਟਰੇਡ ਐਗਰੀਮੈਂਟ ਪੂਰਾ ਹੋਣ ਦੀ ਸੰਭਾਵਨਾ ਜਤਾਈ ਹੈ। ਅਜਿਹੀ ਸਥਿਤੀ ‘ਚ ਇਹ ਦੋਵੇਂ ਆਰਥਿਕ ਮਹਾਂਸ਼ਕਤੀਆਂ ਲਈ ਬਹੁਤ ਵਧੀਆ ਸਾਬਤ ਹੋ ਸਕਦਾ ਹੈ। ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਇਹ ਦੋਵਾਂ ਦੇਸ਼ਾਂ ‘ਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਵਿੱਚ ਵੀ ਮਦਦ ਕਰ ਸਕਦਾ ਹੈ। ਭਾਰਤ-ਬ੍ਰਿਟੇਨ ਫ੍ਰੀ ਟਰੇਡ ਐਗਰੀਮੈਂਟ ਕੀ ਹੈ ਅਤੇ ਭਾਰਤ ਲਈ ਇਸ ਦਾ ਕੀ ਮਤਲਬ ਹੈ?
ਕੀ ਹੈ ਫ੍ਰੀ ਟਰੇਡ ਐਗਰੀਮੈਂਟ?
ਫ੍ਰੀ ਟਰੇਡ ਐਗਰੀਮੈਂਟ ਉਤਪਾਦਾਂ ਅਤੇ ਸੇਵਾਵਾਂ ਦੀ ਦਰਾਮਦ ਤੇ ਬਰਾਮਦ ‘ਚ ਰੁਕਾਵਟਾਂ ਨੂੰ ਘਟਾਉਣ ਲਈ 2 ਜਾਂ 2 ਤੋਂ ਵੱਧ ਦੇਸ਼ਾਂ ਵਿਚਕਾਰ ਇੱਕ ਸਮਝੌਤਾ ਹੁੰਦਾ ਹੈ। ਵਪਾਰ ਕਰਨ ਵਾਲੇ ਦੋਵੇਂ ਦੇਸ਼ਾਂ ਨੂੰ ਇਸ ਸਮਝੌਤੇ ਦਾ ਫ਼ਾਇਦਾ ਹੁੰਦਾ ਹੈ। ਫ੍ਰੀ ਟਰੇਡ ਐਗਰੀਮੈਂਟ ਕੋਟਾ, ਟੈਰਿਫ, ਸਬਸਿਡੀਆਂ ਜਾਂ ਪਾਬੰਦੀਆਂ ਨੂੰ ਘਟਾ ਦੇਣਗੇ, ਜੋ ਸਰਹੱਦਾਂ ਦੇ ਪਾਰ ਵਸਤੂਆਂ ਅਤੇ ਸੇਵਾਵਾਂ ਦੀ ਆਵਾਜਾਈ ਨੂੰ ਸੀਮਤ ਕਰ ਸਕਦੇ ਹਨ। ਇਸ ਦੇ ਨਾਲ ਹੀ ਫ੍ਰੀ ਟਰੇਡ ਐਗਰੀਮੈਂਟ ਦੋਵਾਂ ਦੇਸ਼ਾਂ ਵਿਚਕਾਰ ਮੁਫ਼ਤ ਵਪਾਰ ਦੀ ਮਨਜ਼ੂਰੀ ਦੇ ਸਕਦਾ ਹੈ। ਇਹ ਸਮਝੌਤਾ ਸੇਵਾਵਾਂ, ਨਿਵੇਸ਼, ਵਸਤੂਆਂ, ਬੌਧਿਕ ਜਾਇਦਾਦ, ਮੁਕਾਬਲਾ, ਸਰਕਾਰੀ ਖਰੀਦ ਅਤੇ ਹੋਰ ਖੇਤਰਾਂ ਨੂੰ ਕਵਰ ਕਰ ਸਕਦਾ ਹੈ।
ਦੀਵਾਲੀ ਤੱਕ ਹੋ ਸਕਦਾ ਹੈ ਸਮਝੌਤਾ
ਬ੍ਰਿਟਿਸ਼ ਹਾਈ ਕਮਿਸ਼ਨਰ ਨੇ ਕਿਹਾ ਕਿ ਦੀਵਾਲੀ ਦੇ ਖ਼ਾਸ ਮੌਕੇ ‘ਤੇ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਫ੍ਰੀ ਟਰੇਡ ਐਗਰੀਮੈਂਟ ਦਾ ਤੋਹਫ਼ਾ ਮਿਲ ਸਕਦਾ ਹੈ। ਬ੍ਰਿਟਿਸ਼ ਹਾਈ ਕਮਿਸ਼ਨਰ ਦੇ ਨਾਲ ਵਣਜ ਅਤੇ ਉਦਯੋਗ ਮੰਤਰਾਲੇ ਦੇ ਸੰਯੁਕਤ ਸਕੱਤਰ ਰਾਜੇਂਦਰ ਰਤਨੂ ਨੇ ਇਸ ਪ੍ਰੋਗਰਾਮ ‘ਚ ਕਿਹਾ ਕਿ ਇਹ ਫ੍ਰੀ ਟਰੇਡ ਐਗਰੀਮੈਂਟ ਜਲਦੀ ਹੀ ਪੂਰਾ ਹੋਣ ਦੀ ਸੰਭਾਵਨਾ ਹੈ। ਦੋਵਾਂ ਦੇਸ਼ਾਂ ਨੇ ਇਸ ਮਾਮਲੇ ‘ਤੇ ਖੁੱਲ੍ਹੀ ਸਕਾਰਾਤਮਕਤਾ ਦਿਖਾਈ ਹੈ। ਇਸ ਸਮਝੌਤੇ ਦੇ ਜ਼ਿਆਦਾਤਰ ਮੁੱਦਿਆਂ ‘ਤੇ ਦੋਵਾਂ ਦੇਸ਼ਾਂ ਵਿਚਾਲੇ ਸਹਿਮਤੀ ਬਣ ਚੁੱਕੀ ਹੈ ਅਤੇ ਅਕਤੂਬਰ ‘ਚ ਦੀਵਾਲੀ ਤੋਂ ਪਹਿਲਾਂ ਸਮਝੌਤਾ ਹੋਣ ਦੀ ਉਮੀਦ ਹੈ। ਇਸ ਸਮਝੌਤੇ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਿਵਹਾਰ ਵਿੱਚ ਸੁਧਾਰ ਹੋਵੇਗਾ ਅਤੇ ਇਹ ਦੋਵਾਂ ਦੇ ਹਿੱਤ ‘ਚ ਵੀ ਹੋਵੇਗਾ।
ਇਸ ਦੇ ਨਾਲ ਹੀ ਸੰਯੁਕਤ ਸਕੱਤਰ ਰਾਜੇਂਦਰ ਰਤਨੂ ਨੇ ਵੀ ਇਸ ਦੌਰਾਨ ਦੱਸਿਆ ਕਿ ਇਹ ਫ੍ਰੀ ਟਰੇਡ ਐਗਰੀਮੈਂਟ ਭਾਰਤ ਦੇ ਬਰਾਮਦ ਖੇਤਰ ‘ਚ ਵਾਧਾ ਦਰਜ ਕਰੇਗਾ। ਇਸ ਦੇ ਨਾਲ ਹੀ ਦੇਸ਼ ਦੇ ਲੇਬਰ ਇੰਸੈਂਟਿਵ ਸੈਕਟਰ ਜਿਵੇਂ ਕਿ ਪ੍ਰੋਸੈਸਡ ਐਗਰੋ, ਚਮੜਾ, ਟੈਕਸਟਾਈਲ ਅਤੇ ਜਿਊਲਰੀ ਪ੍ਰੋਡਕਟਸ ਨੂੰ ਵੀ ਕਾਫੀ ਹੁਲਾਰਾ ਮਿਲੇਗਾ, ਜਦਕਿ ਇਸ ਨਾਲ ਦੇਸ਼ ‘ਚ ਰੁਜ਼ਗਾਰ ਦੇ ਮੌਕੇ ਵੀ ਵਧਣਗੇ।
ਫ੍ਰੀ ਟਰੇਡ ਐਗਰੀਮੈਂਟ ਇੱਕ ਕੌਮਾਂਤਰੀ ਕਾਨੂੰਨ ਹੈ, ਜਿਸ ਦੇ ਅਨੁਸਾਰ 2 ਜਾਂ 2 ਤੋਂ ਵੱਧ ਦੇਸ਼ ਇੱਕ-ਦੂਜੇ ‘ਚ ਵਪਾਰ ਵਧਾਉਣ ਲਈ ਦਰਾਮਦ-ਬਰਾਮਦ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਦੇ ਲਈ ਉਨ੍ਹਾਂ ਵਿਚਕਾਰ ਫ੍ਰੀ ਟਰੇਡ ਐਗਰੀਮੈਂਟ ਹੁੰਦਾ ਹੈ।