ਜਲੰਧਰ ਪੱਛਮੀ ਹਲਕੇ ਦੀ ਉਪ ਚੋਣ ਮੁਹਿੰਮ ਦੌਰਾਨ ਆਮ ਆਦਮੀ ਪਾਰਟੀ ਨੂੰ ਜ਼ਬਰਦਸਤ ਸਮਰਥਨ
ਜਲੰਧਰ, 25 ਜੂਨ (EN)- ਆਮ ਆਦਮੀ ਪਾਰਟੀ ਦੇ ਹਲਕਾ ਜਲੰਧਰ ਪੱਛਮੀ ਤੋਂ ਉਮੀਦਵਾਰ ਮੋਹਿੰਦਰ ਭਗਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਜੋ ਕ੍ਰਾਂਤੀਕਾਰੀ ਫੈਸਲਾ ਕਿ ਕਿਸੇ ਵੀ ਵਿਧਾਇਕ ਨੂੰ ਇਕ ਹੀ ਪੈਨਸ਼ਨ ਮਿਲੇਗੀ, ਇਹ ਕਾਂਗਰਸ, ਭਾਜਪਾ ਤੇ ਅਕਾਲੀ ਦਲ ਜਿਹੀਆਂ ਲੀਹੋ ਲਹਿ ਗਈਆਂ ਪਾਰਟੀਆਂ ਨੂੰ ਹਾਲੇ ਤਕ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਇਹ ਪਾਰਟੀਆਂ ਲੋਕਾਂ ਨੂੰ ਗੁੰਮਰਾਹ ਕਰਕੇ ਮਾਨ ਸਰਕਾਰ ਦੇ ਅਜਿਹੇ ਫੈਸਲਿਆਂ ਨੂੰ ਉਲਟਾਉਣ ’ਤੇ ਤੁਲੀਆਂ ਹੋਈਆਂ ਹਨ। ਮੋਹਿੰਦਰ ਭਗਤ ਨੇ ਕਿਹਾ ਕਿ ਲੋਕ ਹਿਤੂ ਕੀਤੇ ਗਏ ਫੈਸਲਿਆਂ ਵੱਲ ਕੈਰੀ ਅੱਖ ਕਰਕੇ ਦੇਖਣ ਵਾਲੀਆਂ ਵਿਰੋਧੀ ਪਾਰਟੀਆਂ ਨੂੰ ਲੋਕ ਇਸ ਉਪ ਚੋਣ ਦੌਰਾਨ 10 ਜੁਲਾਈ ਨੂੰ ਡੱਟਵਾਂ ਜਵਾਬ ਦੇਣਗੇ।
ਆਪ ਦੇ ਸੁਲਝੇ ਹੋਏ ਉਮੀਦਵਾਰ ਮੋਹਿੰਦਰ ਭਗਤ ਨੇ ਦਸਿਆ ਕਿ ਕਾਂਗਰਸ ਤੇ ਅਕਾਲੀ ਦਲ-ਭਾਜਪਾ ਦਾ ਵਾਰੋ ਵਾਰੀ ਹਕੂਮਤ ਕਰਨ ਦਾ ਸੁਫਨਾ ਪੰਜਾਬੀਆਂ ਨੇ ਖਤਮ ਕਰ ਦਿਤਾ ਹੈ, ਪਿਛਲੇ 77 ਸਾਲਾਂ ਤੋਂ ਇਹ ਪਾਰਟੀਆਂ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਰਾਜ ਭਾਗ ਭੋਗਦੀਆਂ ਰਹੀਆਂ ਨੇ, ਪਰ ਹੁਣ ਪਹਿਲੀ ਵਾਰ ਆਮ ਆਦਮੀ ਦੀ ਆਪਣੀ ਸਰਕਾਰ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਨੇੜਿਓਂ ਦੇਖਦੇ ਹੋਏ ਲੋਕ ਕਚਿਹਰੀਆਂ ਵਿੱਚ ਫੈਸਲੇ ਕਰਨੇ ਸ਼ੁਰੂ ਕੀਤੇ ਹਨ ਜਿਸ ਦਾ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਮੋਹਿੰਦਰ ਭਗਤ ਨੇ ਦਾਅਵਾ ਕੀਤਾ ਕਿ ਜਲੰਧਰ ਪੱਛਮੀ ਹਲਕੇ ਦੀ ਸੀਟ ਜਿੱਤ ਕੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਦੀ ਝੋਲੀ ਪਾਈ ਜਾਏਗੀ।