ਮਾਈਨਿੰਗ ਪਾਲਿਸੀ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਫੇਲ੍ਹ ਸਾਬਿਤ ਹੋਈ ਹੈ। ਪੰਜਾਬ ਦੇ ਲੋਕਾਂ ਨੂੰ ਸਸਤਾ ਰੇਤ-ਬੱਜਰੀ ਨਹੀਂ ਮਿਲ ਰਿਹਾ ਹੈ ਜਿਸ ਕਾਰਨ ਲੋਕ ਪਰੇਸ਼ਾਨ ਹਨ।
ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਗਾਜੇ ਵਾਜਿਆਂ ਦੇ ਨਾਲ ਰੇਤ ਬੱਜਰੀ ਦੇ ਸਰਕਾਰੀ ਡਿੱਪੂ ਖੋਲ੍ਹੇ ਗਏ ਸੀ ਜੋ ਕਿ ਹੁਣ ਬੰਦ ਹੋ ਚੁੱਕੇ ਹਨ। ਜਿਸ ਕਾਰਨ ਲੋਕਾਂ ਨੇ ਨਾਰਾਜਗੀ ਜਾਹਿਰ ਕੀਤੀ ਹੈ।
ਪੰਜਾਬ ਸਰਕਾਰ ਵੱਲੋਂ ਮੁਹਾਲੀ ਦੇ ਨਿਊ ਚੰਡੀਗੜ੍ਹ ’ਚ ਦਸੰਬਰ 2022 ’ਚ ਉਸ ਸਮੇਂ ਦੇ ਮਾਈਨਿੰਗ ਮੰਤਰੀ ਹਰਜੋਤ ਬੈਂਸ ਵੱਲੋਂ ਇਕੋ ਸਿਟੀ 2 ’ਚ ਰੇਤ ਦੇ ਟਿੱਬਿਆ ਸਾਹਮਣੇ ਪ੍ਰੈਸ ਕਾਨਫਰੰਸ ਕੀਤੀ ਗਈ ਸੀ। ਇਸ ਦੌਰਾਨ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਦੇ ਪਹਿਲੇ ਸਰਕਾਰੀ ਰੇਤ ਡਿੱਪੂ ’ਤੇ 28 ਰੁਪਏ ਫੁੱਟ ਦਿੱਤਾ ਜਾਵੇਗਾ। ਪਰ ਇਸ ਪ੍ਰੋਗਰਾਮ ਦੇ ਥੋੜੇ ਸਮੇਂ ਬਾਅਦ ਹੀ ਡਿੱਪੂ ਬੰਦ ਹੋ ਗਿਆ। ਜਿਸ ਤੋਂ ਬਾਅਦ ਨਾ ਤਾਂ ਸਰਕਾਰੀ ਰੇਤ ਮਿਲੀ ਨਾ ਹੀ ਰੁਜ਼ਗਾਰ ਮਿਲਿਆ।
ਲੋਕਾਂ ਨੇ ਨਾਰਾਜ਼ਗੀ ਜਾਹਿਰ ਕਰਦੇ ਹੋਏ ਕਿਹਾ ਕਿ ਸਰਕਾਰ ਸਸਤੀ ਸ਼ੋਹਰਤ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੀ ਹੈ। ਹੁਣ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਹਨ ਕਿ ਲੋਕਾਂ ਨੂੰ ਸਸਤਾ ਰੇਤਾ ਬੱਜਰੀ ਨਹੀਂ ਮਿਲ ਰਿਹਾ ਹੈ। ਦੱਸ ਦਈਏ ਕਿ ਮੁਹਾਲੀ ਤੇ ਚੰਡੀਗੜ੍ਹ ’ਚ ਦੋ ਡਿੱਪੂ ਖੋਲ੍ਹੇ ਗਏ ਸੀ।