ਰਾਜਸਥਾਨ ‘ਚ ਵਿਧਾਇਕਾਂ ਦੇ ਬਾਗੀ ਸਟੈਂਡ ਤੋਂ ਬਾਅਦ ਹੁਣ ਸੂਬੇ ਦੇ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਹਾਲਾਂਕਿ ਇਸ ਫੈਸਲੇ ‘ਚ ਫਿਲਹਾਲ ਦੇਰੀ ਹੋ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਪਹਿਲਾਂ ਕਾਂਗਰਸ ਪ੍ਰਧਾਨ ਦੀ ਚੋਣ ਹੋਵੇਗੀ ਅਤੇ ਫਿਰ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਫੈਸਲਾ ਲਿਆ ਜਾ ਸਕਦਾ ਹੈ। ਕਾਂਗਰਸ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀਆਂ 30 ਸਤੰਬਰ ਤੱਕ ਭਰੀਆਂ ਜਾਣਗੀਆਂ। ਸੂਤਰਾਂ ਦਾ ਦਾਅਵਾ ਹੈ ਕਿ ਇਸ ਤੋਂ ਬਾਅਦ ਹੀ ਨਵੇਂ ਮੁੱਖ ਮੰਤਰੀ ਦੇ ਨਾਂ ‘ਤੇ ਫੈਸਲਾ ਲਿਆ ਜਾਵੇਗਾ।
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਪ੍ਰਧਾਨ ਬਣਨ ਦੀ ਚਰਚਾ ਦਰਮਿਆਨ ਇਹ ਮੰਗ ਤੇਜ਼ ਹੋ ਗਈ ਸੀ ਕਿ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਨਾਮਜ਼ਦਗੀ ਦਾਖਲ ਕਰਨੀ ਚਾਹੀਦੀ ਹੈ। ਰਾਹੁਲ ਗਾਂਧੀ ਨੇ ਖੁਦ ਵੀ ਇਕ ਵਿਅਕਤੀ ਇਕ ਅਹੁਦੇ ਦੀ ਵਕਾਲਤ ਕੀਤੀ ਸੀ, ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਗਹਿਲੋਤ ਅਸਤੀਫਾ ਦੇ ਦੇਣਗੇ ਅਤੇ ਰਾਜਸਥਾਨ ਨੂੰ ਨਵਾਂ ਸੀ.ਐੱਮ. ਖੁਦ ਸਚਿਨ ਪਾਇਲਟ ਨੇ ਵੀ ਇਕ ਆਦਮੀ ਇਕ ਅਹੁਦੇ ਦੇ ਸਿਧਾਂਤ ਦਾ ਹਵਾਲਾ ਦਿੰਦੇ ਹੋਏ ਗਹਿਲੋਤ ਨੂੰ ਅਸਤੀਫਾ ਦੇਣ ਦਾ ਸੰਕੇਤ ਦਿੱਤਾ ਸੀ।
ਹਾਲਾਂਕਿ ਇਸ ਸਭ ਦੇ ਵਿਚਕਾਰ ਗਹਿਲੋਤ ਧੜੇ ਦੇ ਵਿਧਾਇਕਾਂ ਨੇ ਬਗਾਵਤ ਕਰ ਦਿੱਤੀ ਅਤੇ ਸਾਫ ਕਹਿ ਦਿੱਤਾ ਕਿ 102 ਵਿਧਾਇਕਾਂ ‘ਚੋਂ ਕਿਸੇ ਨੂੰ ਵੀ ਮੁੱਖ ਮੰਤਰੀ ਬਣਾਇਆ ਜਾਵੇ ਪਰ ਸਚਿਨ ਪਾਇਲਟ ਨੂੰ ਮੁੱਖ ਮੰਤਰੀ ਨਹੀਂ ਮੰਨਿਆ ਜਾਵੇਗਾ।
AICC ਦੇ ਅਬਜ਼ਰਵਰ ਮੱਲਿਕਾਰਜੁਨ ਖੜਗੇ ਅਤੇ ਅਜੈ ਮਾਕਨ ਰਾਜਸਥਾਨ ਵਿਚ ਗਹਿਲੋਤ ਧੜੇ ਦੇ ਵਿਦਰੋਹ ਦੇ ਵਿਚਕਾਰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖਤੀ ਰਿਪੋਰਟ ਦੇਣਗੇ।
ਦੂਜੇ ਪਾਸੇ ਰਾਜਸਥਾਨ ‘ਚ ਕਾਂਗਰਸ ਨੇਤਾ ਅਤੇ ਸਚਿਨ ਪਾਇਲਟ ਦੇ ਕਰੀਬੀ ਵਿਧਾਇਕ ਖਿਲਾੜੀ ਲਾਲ ਬੈਰਵਾ ਨੇ ਕਿਹਾ ਹੈ ਕਿ ਸਚਿਨ ਪਾਇਲਟ ਨੇ ਸੋਨੀਆ ਗਾਂਧੀ ਨੂੰ ਮਿਲਣ ਦਾ ਸਮਾਂ ਮੰਗਿਆ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਹੁਣ ਗਹਿਲੋਤ ਦੇ ਮੁੱਖ ਮੰਤਰੀ ਬਣਨ ਅਤੇ ਪ੍ਰਧਾਨ ਬਣਨ ‘ਤੇ ਸ਼ੱਕ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਪਾਰਟੀ ਅੰਦਰੋਂ ਅਨੁਸ਼ਾਸਨ ਤੋੜਿਆ ਹੈ। ਹੁਣ ਲੋਕ ਕਹਿ ਰਹੇ ਹਨ ਕਿ ਅਸੀਂ ਹਾਈਕਮਾਂਡ ਦੇ ਨਾਲ ਹਾਂ। ਬੈਰਵਾ ਨੇ ਕਿਹਾ ਕਿ ਜੇ ਗਹਿਲੋਤ ਨਾਲ ਕੋਈ ਵਿਧਾਇਕ ਨਹੀਂ ਹੈ ਤਾਂ ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।