ਫੂਡ ਡਿਲੀਵਰੀ ਪਲੇਟਫਾਰਮ Swiggy ਅਤੇ Zomato ਨੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਦੋਵਾਂ ਪਲੇਟਫਾਰਮਾਂ ਤੋਂ ਖਾਣਾ ਆਰਡਰ ਕਰਨਾ ਥੋੜ੍ਹਾ ਮਹਿੰਗਾ ਹੋ ਗਿਆ ਹੈ। ਕੰਪਨੀ ਨੇ ਆਪਣੀ ਪਲੇਟਫਾਰਮ ਫੀਸ ਵਧਾ ਦਿੱਤੀ ਹੈ। ਇਨ੍ਹਾਂ ਕੰਪਨੀਆਂ ਨੇ ਬੈਂਗਲੁਰੂ ਅਤੇ ਦਿੱਲੀ ਵਰਗੇ ਬਾਜ਼ਾਰਾਂ ‘ਚ ਗਾਹਕਾਂ ਤੋਂ ਪ੍ਰਤੀ ਆਰਡਰ ਲਈ ਵਸੂਲੀ ਜਾਣ ਵਾਲੀ ਪਲੇਟਫਾਰਮ ਫੀਸ ਨੂੰ 20 ਫੀਸਦੀ ਵਧਾ ਕੇ 6 ਰੁਪਏ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਇਨ੍ਹਾਂ ਬਾਜ਼ਾਰਾਂ ਵਿੱਚ ਇਨ੍ਹਾਂ ਕੰਪਨੀਆਂ ਵੱਲੋਂ 5 ਰੁਪਏ ਵਸੂਲੇ ਜਾਂਦੇ ਸਨ। ਬੈਂਗਲੁਰੂ ਵਿੱਚ Swiggy ਇਸ ਵੇਲੇ 7 ਰੁਪਏ ਦੀ ਪਲੇਟਫਾਰਮ ਫੀਸ ਵੀ ਲੈ ਰਹੀ ਹੈ, ਜਿਸ ਨੂੰ ਹਟਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਦੋਵਾਂ ਕੰਪਨੀਆਂ ਨੇ ਪਿਛਲੇ ਸਾਲ ਪਲੇਟਫਾਰਮ ਫੀਸ ਸ਼ੁਰੂ ਕੀਤੀ ਸੀ, ਜੋ ਕਿ ਸ਼ੁਰੂ ਵਿੱਚ 2 ਰੁਪਏ ਪ੍ਰਤੀ ਆਰਡਰ ਸੀ।
ਕੰਪਨੀਆਂ ਪਲੇਟਫਾਰਮ ਫੀਸਾਂ ਕਿਉਂ ਵਸੂਲ ਰਹੀਆਂ ਹਨ?
Zomato ਅਤੇ Swiggy ਆਪਣੀ ਸਮੁੱਚੀ ਆਮਦਨ ਅਤੇ ਮੁਨਾਫੇ ਨੂੰ ਵਧਾਉਣ ਲਈ ਪਲੇਟਫਾਰਮ ਫੀਸ ਦੇ ਨਾਲ ਪ੍ਰਯੋਗ ਕਰ ਰਹੇ ਹਨ। ਜਨਵਰੀ ਵਿੱਚ Swiggy ਨੇ ਚੁਣੇ ਗਏ ਉਪਭੋਗਤਾਵਾਂ ਲਈ 10 ਰੁਪਏ ਦੀ ਪਲੇਟਫਾਰਮ ਫੀਸ ਪੇਸ਼ ਕੀਤੀ ਸੀ, ਜੋ ਉਸ ਸਮੇਂ ਕਈ ਉਪਭੋਗਤਾਵਾਂ ਤੋਂ ਲਏ ਜਾ ਰਹੇ 3 ਰੁਪਏ ਤੋਂ ਬਹੁਤ ਜ਼ਿਆਦਾ ਸੀ। 10 ਰੁਪਏ ਦਾ ਚਾਰਜ ਅਸਲ ਵਿੱਚ ਉਪਭੋਗਤਾਵਾਂ ਤੋਂ ਨਹੀਂ ਲਿਆ ਗਿਆ ਸੀ, ਜਿੱਥੇ ਉਨ੍ਹਾਂ ਨੂੰ ਵੱਧ ਫੀਸ ਦਿਖਾਈ ਗਈ ਸੀ ਅਤੇ ਫਿਰ ਅੰਤਿਮ ਭੁਗਤਾਨ ਦੇ ਸਮੇਂ 5 ਰੁਪਏ ਵਸੂਲੇ ਗਏ ਸਨ।
ਕੈਪੀਟਲ ਮਾਈਂਡ ਦੇ ਸੀਈਓ ਦੀਪਕ ਸ਼ੇਨੋਏ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ ਕਿ ਪਲੇਟਫਾਰਮ ਫੀਸ ਗਾਹਕਾਂ ਨੂੰ ਪ੍ਰੇਸ਼ਾਨ ਕਰਨ ਵਾਲੀ ਹੈ। ਇਸ ਲਈ ਮੈਂ ਹੁਣ Swiggy ਅਤੇ Zomato ਤੋਂ ਦੂਰੀ ਬਣਾ ਕੇ ਰੱਖਣੀ ਸ਼ੁਰੂ ਕਰ ਦਿੱਤੀ ਹੈ। ਮੈਂ ਇਹ ਕਰ ਕੇ ਬਹੁਤ ਖੁਸ਼ ਹਾਂ। ਉਨ੍ਹਾਂ ਲਿਖਿਆ ਕਿ ਇਹ ਕੰਪਨੀਆਂ ਹਰ ਆਰਡਰ ‘ਤੇ ਗਾਹਕ ਤੋਂ 6 ਰੁਪਏ ਵਸੂਲ ਰਹੀਆਂ ਹਨ। ਇਸ ਤੋਂ ਇਲਾਵਾ ਇਹ ਲੋਕ ਰੈਸਟੋਰੈਂਟ ਤੋਂ 30 ਫੀਸਦੀ ਵੀ ਲੈਂਦੇ ਹਨ।