04/29/2024 5:16 AM

ਖਟਕੜ ਕਲਾਂ ‘ਚ ਪਾਣੀ ਵਾਲੀ ਟੈਂਕੀ ‘ਤੇ ਚੜ੍ਹੀ ਕੇਜਰੀਵਾਲ ਦੀ ਮੂੰਹ ਬੋਲੀ ਭੈਣ

 ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਭਗਵੰਤ ਮਾਨ , ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਨੂੰ (646 PTI’s) ਨੂੰ ਮਿਲੋ, ਜੋ ਇੱਕ ਵਾਰ ਫਿਰ ਖਟਕੜ ਕਲਾਂ ਵਿੱਚ ਪੰਡਾਲ ਦੇ ਸਾਹਮਣੇ ਇੱਕ ਪਾਣੀ ਵਾਲੀ ਟੈਂਕੀ ਦੇ ਉੱਪਰ ਹੈ, ਜਿੱਥੇ ਉਹ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਰਧਾਂਜਲੀ ਦੇਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਾਂ ਸਿਰਫ 2022 ਵਿੱਚ ਵੋਟਾਂ ਲਈ ਭੈਣ ਬਣਾ ਲਈ ਸੀ?
ਦਰਅਸਲ ‘ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਨੇ ਖਟਕੜ ਕਲਾਂ ਵਿਖੇ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। 646 ਪੀਟੀਆਈ ਬੇਰੁਜ਼ਗਾਰ ਅਧਿਆਪਕਾਂ ਨੇ ਸ਼ਹੀਦ ਭਗਤ ਸਿੰਘ ਦੇ ਘਰ ਨੇੜੇ ਟੈਂਕੀ ’ਤੇ ਚੜ੍ਹ ਕੇ ਧਰਨਾ ਦਿੱਤਾ। ਬੇਰੁਜ਼ਗਾਰ ਅਧਿਆਪਕਾਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਂਦੇ ਹੀ ਉਨ੍ਹਾਂ ਨੂੰ ਭਰਤੀ ਕੀਤਾ ਜਾਵੇਗਾ, ਪਰ ਇਹ ਵਾਅਦਾ ਵਫ਼ਾ ਨਹੀਂ ਹੋਇਆ।
ਇਸ ਲਈ ਅੱਜ ਉਹ ਧਰਨਾ ਦੇਣ ਲਈ ਮਜਬੂਰ ਹਨ। ਟੈਂਕੀ ‘ਤੇ ਚੜ੍ਹਨ ਵਾਲੀ ਬੇਰੁਜ਼ਗਾਰ ਪੀਟੀਆਈ ਮਹਿਲਾ ਅਧਿਆਪਕ ਸਿੱਪੀ ਸ਼ਰਮਾ ਨੇ ਆਪਣੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਹੈ। ਵੀਡੀਓ ਵਿੱਚ ਇੱਕ ਬੇਰੁਜ਼ਗਾਰ ਪੀਟੀਆਈ ਮਹਿਲਾ ਟੀਚਰ ਦੱਸ ਰਹੀ ਹੈ ਕਿ ਉਸ ਦੇ ਭਰਾ ਅਰਵਿੰਦ ਕੇਜਰੀਵਾਲ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਂਦੇ ਹੀ ਉਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਅਜੇ ਤੱਕ ਇਹ ਵਾਅਦਾ ਪੂਰਾ ਨਹੀਂ ਹੋਇਆ।

ਸਿੱਪੀ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਨੌਕਰੀਆਂ ਦੇਣੀਆਂ ਤਾਂ ਦੂਰ, ਹੁਣ ਉਹ ਮਿਲਣ ਤੋਂ ਵੀ ਕੰਨੀ ਕਤਰਾਉਂਦੇ ਹਨ। ਅੱਜ ਮਜ਼ਬੂਰੀ ਵਿੱਚ ਆਪਣਾ ਹੱਕ ਲੈਣ ਲਈ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ’ਤੇ ਖਟਕੜਕਲਾਂ ਵਿੱਚ ਪਾਣੀ ਵਾਲੀ ਟੈਂਕੀ ’ਤੇ ਧਰਨੇ ’ਤੇ ਬੈਠਣਾ ਪਿਆ ਹੈ। ਅੱਜ ਕੇਜਰੀਵਾਲ ਖਟਕੜਕਲਾਂ ਆ ਰਹੇ ਹਨ। ਜਿੱਥੇ ਪੰਡਾਲ ਲਗਾਇਆ ਹੋਇਆ ਹੈ, ਉਸ ਦੇ ਸਾਹਮਣੇ ਪਾਣੀ ਵਾਲੀ ਟੈਂਕੀ ‘ਤੇ ਬੈਠੇ ਹੋਏ ਹਨ।

ਸਿੱਪੀ ਕਹਿ ਰਹੀ ਹੈ ਕਿ ਉਹ ਅਤੇ ਉਸ ਦੇ ਦੋ ਸਾਥੀ ਟੈਂਕੀ ‘ਤੇ ਬੈਠੇ ਹਨ। ਹੁਣ ਦੇਖਣਾ ਇਹ ਹੈ ਕਿ ਉਨ੍ਹਾਂ ਦੇ ਭਰਾ ਅਰਵਿੰਦ ਕੇਜਰੀਵਾਲ ਉਨ੍ਹਾਂ ਨੂੰ ਮਿਲਣ ਆਉਂਦੇ ਹਨ ਜਾਂ ਨਹੀਂ। ਇਸ ਦੇ ਨਾਲ ਹੀ ਸਿੱਪੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਆਸਤ ਵੀ ਸ਼ੁਰੂ ਹੋ ਗਈ ਹੈ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਤਾਅਨਾ ਮਾਰਦੇ ਹੋਏ ਟਵੀਟ ਕੀਤਾ ਹੈ ਕਿ ਹੁਣ ਦੇਖਦੇ ਹਾਂ ਕਿ ਕ੍ਰਾਂਤੀਕਾਰੀ ਆਪਣੀ ਬੇਰੁਜ਼ਗਾਰ ਪੀਟੀਆਈ ਭੈਣ ਸਿੱਪੀ ਸ਼ਰਮਾ ਨੂੰ ਮਿਲਦੇ ਹਨ ਜਾਂ ਨਹੀਂ। ਕੇਜਰੀਵਾਲ ਆਪਣਾ ਭਰਾ ਹੋਣ ਦਾ ਫਰਜ਼ ਨਿਭਾਉਂਦੇ ਹਨ ਜਾਂ ਸਾਬਤ ਕਰਦੇ ਹਨ ਕਿ ਉਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਲੈਣ ਲਈ ਹੀ ਉਸ ਨੂੰ ਭੈਣ ਬਣਾਇਆ ਸੀ।

Related Posts