ਸਵੇਰੇ 10 ਵਜੇ ਤੋਂ ਸ਼ੁਰੂ ਕੀਤਾ ਜਾਵੇਗਾ ਪ੍ਰਦਰਸ਼ਨ
ਆਮ ਲੋਕਾਂ ਦੀ ਸੁਣਵਾਈ ਨਾ ਕਰਨ ਤੇ ਦਲਿਤ-ਪੱਛੜੇ ਵਰਗਾਂ ਪ੍ਰਤੀ ਪੱਖਪਾਤੀ ਰਵੱਈਏ ਖਿਲਾਫ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ
ਜਲੰਧਰ(EN) ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਆਮ ਲੋਕਾਂ, ਦਲਿਤ-ਪੱਛੜੇ ਵਰਗਾਂ ਦੀ ਸੁਣਵਾਈ ਨਾ ਕਰਨ ਤੇ ਖਾਸ ਕਰਕੇ ਬਹੁਜਨ ਸਮਾਜ ਪਾਰਟੀ (ਬਸਪਾ) ਵਿਰੋਧੀ ਰਵੱਈਏ ਦੇ ਵਿਰੋਧ ਵਿੱਚ ਬਸਪਾ ਵੱਲੋਂ 22 ਜੁਲਾਈ ਨੂੰ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ। ਬਸਪਾ ਦੀ ਜਲੰਧਰ ਲੋਕਸਭਾ ਦੀ ਲੀਡਰਸ਼ਿਪ ਵੱਲੋਂ ਅੱਜ ਇੱਥੇ ਪਾਰਟੀ ਦਫਤਰ ਵਿਖੇ ਕੀਤੀ ਗਈ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਬਸਪਾ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ, ਸੂਬਾ ਜਨਰਲ ਸਕੱਤਰ ਤੀਰਥ ਰਾਜਪੁਰਾ, ਜ਼ਿਲ੍ਹਾ ਇੰਚਾਰਜ ਸੁਖਵਿੰਦਰ ਬਿੱਟੂ, ਜ਼ਿਲ੍ਹਾ ਪ੍ਰਧਾਨ ਜਗਦੀਸ਼ ਸ਼ੇਰਪੁਰੀ, ਦੇਵਰਾਜ ਸੁਮਨ, ਸੀਨੀਅਰ ਆਗੂ ਜਗਦੀਸ਼ ਦੀਸ਼ਾ, ਪਰਮਜੀਤ ਮੱਲ, ਸਲਵਿੰਦਰ ਕੁਮਾਰ ਸਮੇਤ ਸਾਰੀ ਲੀਡਰਸ਼ਿਪ ਨੇ ਕਿਹਾ ਕਿ ਕਮਿਸ਼ਨਰੇਟ ਪੁਲਿਸ ਵੱਲੋਂ ਆਮ ਲੋਕਾਂ ਦੇ ਇਨਸਾਫ ਦੇ ਲਈ ਦਰਵਾਜੇ ਬੰਦ ਕੀਤੇ ਜਾ ਰਹੇ ਹਨ। ਖਾਸਕਰ ਦਲਿਤ-ਪੱਛੜੇ ਵਰਗਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਅਤੇ ਪ੍ਰਸ਼ਾਸਨ ਤੱਕ ਪਹੁੰਚ ਕਰਨ ’ਤੇ ਉਨ੍ਹਾਂ ਦੀ ਖੱਜਲ ਖੁਆਰੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨਰੇਟ ਪੁਲਿਸ ਨੇ ਇਨ੍ਹਾਂ ਨੂੰ ਇਨਸਾਫ ਦੇਣ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਅੱਖਾਂ ਬੰਦ ਕੀਤੀਆਂ ਹੋਈਆਂ ਹਨ।
ਬਸਪਾ ਆਗੂਆਂ ਨੇ ਕਿਹਾ ਕਿ ਪੁਲਿਸ ਦੀ ਕਾਰਜਪ੍ਰਣਾਲੀ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕੁਝ ਖਾਸ ਲੋਕਾਂ ਦੇ ਕੰਮ ਕਰਨ ਤੱਕ ਹੀ ਪੁਲਿਸ ਸੀਮਤ ਹੋ ਕੇ ਰਹਿ ਗਈ ਹੈ। ਪੁਲਿਸ ਨੇ ਦੋ ਤਰ੍ਹਾਂ ਦੇ ਕਾਨੂੰਨ ਬਣਾ ਰੱਖੇ ਹਨ, ਸੱਤ੍ਹਾਧਾਰੀ ਧਿਰ ਦੇ ਲਈ ਹੋਰ ਤੇ ਵਿਰੋਧੀ ਧਿਰਾਂ ਦੇ ਲਈ ਹੋਰ। ਜਦੋਂ ਵਿਰੋਧੀ ਧਿਰਾਂ ਦਾ ਜਾਇਜ਼ ਕੰਮ ਵੀ ਨਹੀਂ ਕਰਨਾ ਹੁੰਦਾ ਹੈ ਤਾਂ ਉਸਨੂੰ ਜਾਣਬੂਝ ਲਟਕਾਇਆ ਜਾਂਦਾ ਹੈ ਤੇ ਕਈ ਤਰ੍ਹਾਂ ਦੀਆਂ ਤਕਨੀਕੀ ਉਲਝਣਾ ਖੜੀਆਂ ਕੀਤੀਆਂ ਜਾਂਦੀਆਂ ਹਨ।
ਬਸਪਾ ਆਗੂਆਂ ਨੇ ਇਹ ਵੀ ਕਿਹਾ ਕਿ ਵਿਦੇਸ਼ ਭੇਜਣ ਦੇ ਨਾਂ ’ਤੇ ਸ਼ਹਿਰ ਵਿੱਚ ਹੀ ਕਾਫੀ ਲੋਕਾਂ ਨਾਲ ਠਗੀ ਹੋ ਰਹੀ ਹੈ, ਪਰ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਵੀ ਲੋਕਾਂ ਨੂੰ ਜਲਦ ਇਨਸਾਫ ਨਹੀਂ ਦਵਾਇਆ ਜਾਂਦਾ। ਪੁਲਿਸ ਕਮਿਸ਼ਨਰ ਨੂੰ ਮਿਲਣਾ ਹੀ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ ਤੇ ਪੁਲਿਸ ਕਮਿਸ਼ਨਰ ਦਫਤਰ ਪਹੁੰਚਣ ਵਾਲੇ ਆਮ ਲੋੋਕਾਂ ਨੂੰ ਇਨਸਾਫ ਮਿਲਣਾ ਬਹੁਤ ਦੂਰ ਦੀ ਗੱਲ ਹੋ ਗਈ ਹੈ। ਦਫਤਰ ਵਿੱਚ ਇਨਸਾਫ ਲਈ ਪਹੁੰਚਣ ਵਾਲੇ ਆਮ ਲੋਕਾਂ ਦੇ ਪੱਲੇ ਨਿਰਾਸ਼ਾ, ਖੱਜਲ ਖੁਆਰੀ ਤੇ ਧੱਕਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਪੈਂਦਾ। ਨਸ਼ਾ ਤੇ ਹੋਰ ਬੁਰਾਈਆਂ ਦੇ ਮਸਲੇ ਵੀ ਸ਼ਹਿਰ ਵਿੱਚ ਜਿਉਂ ਦੇ ਤਿਉਂ ਬਣੇ ਹੋਏ ਹਨ। ਇਸ ਤੋਂ ਇਲਾਵਾ ਪ੍ਰਸ਼ਾਸਨ ਦਾ ਰਵੱਈਆ ਬਸਪਾ ਵਿਰੋਧੀ ਵੀ ਹੈ। ਬਸਪਾ ਵਰਕਰਾਂ ਨਾਲ ਸਬੰਧਤ ਮਸਲਿਆਂ ਨੂੰ ਜਾਣਬੁੱਝ ਕੇ ਲੰਬਿਤ ਕੀਤਾ ਜਾਂਦਾ ਹੈ, ਜਿਸਨੂੰ ਕਿ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਇਨ੍ਹਾਂ ਸਾਰੇ ਮਸਲਿਆਂ ਦੇ ਮੱਦੇਨਜਰ ਬਸਪਾ ਵੱਲੋਂ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ 22 ਜੁਲਾਈ ਨੂੰ ਸਵੇਰੇ 10 ਵਜੇ ਤੋਂ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੀਟਿੰਗ ਵਿੱਚ ਬਸਪਾ ਆਗੂ ਮਾਸਟਰ ਹਰਜਿੰਦਰ ਕੋਟਕਲਾਂ, ਪਾਲਾ ਕੈਂਟ, ਹਰਮੇਸ਼ ਖੁਰਲਾ ਕਿੰਗਰਾ, ਮੰਗਤ ਸਿੰਘ ਮੈਂਟੀ, ਮੈਡਮ ਸਤਨਾਮ ਕੌਰ, ਮਨਜੀਤ ਸਿਧਵਾਂ ਸਟੇਸ਼ਨ, ਰੋਸ਼ਨ ਲਾਲ, ਦਵਿੰਦਰ ਜੱਖੂ, ਖੁਸ਼ੀ ਰਾਮ ਸਰਪੰਚ, ਸ਼ਾਦੀ ਲਾਲ, ਕਮਲ ਬਾਦਸ਼ਾਹਪੁਰ, ਹੰਸਰਾਜ ਸਿੱਧੂ, ਅਸ਼ੋਕ ਸਈਪੁਰੀਆ, ਰਾਣਾ ਤਲਵਣ, ਰਣਜੀਤ ਕੁਮਾਰ, ਬੱਬੂ ਬਾਠ ਆਦਿ ਵੀ ਸ਼ਾਮਲ ਸਨ।