ਅੰਮ੍ਰਿਤਸਰ ਦੇ ਬੱਸ ਸਟੈਂਡ ਨੇੜੇ ਸਥਿਤ ਇਕ ਹੋਟਲ ‘ਚ ਦੋ ਥਾਈ ਲੜਕੀਆਂ ਵੱਲੋਂ ਹੋਟਲ ਦੀ ਛੱਤ ਤੋਂ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਮਗਰੋਂ ਦੋਵੇਂ ਕੁੜੀਆਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ ਹਨ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਹੋਟਲ ’ਚ ਬੀਤੀ ਸ਼ਾਮ ਏਐਸਪੀ ਨੇ ਛਾਪਾ ਮਾਰਿਆ ਸੀ ਅਤੇ ਚੌਥੀ ਮੰਜਿਲ ’ਤੇ ਸਪਾ ਸੈਂਟਰ ਚਲ ਰਿਹਾ ਸੀ। ਜਿਵੇਂ ਹੀ ਸੈਂਟਰ ’ਚ ਕੰਮ ਕਰ ਰਹੀਆਂ ਦੋ ਲੜਕੀਆਂ ਨੇ ਪੁਲਿਸ ਨੂੰ ਦੇਖਿਆ ਤਾਂ ਉਨ੍ਹਾਂ ਨੇ ਹੋਟਲ ਦੀ ਚੌਥੀ ਮੰਜਿਲ ਤੋਂ ਛਾਲ ਮਾਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਉੱਥੋ ਚੱਲੀ ਗਈ। ਪਰ ਕੁਝ ਸਮੇਂ ਬਾਅਦ ਮੁੜ ਤੋਂ ਪੁਲਿਸ ਉੱਥੇ ਪਹੁੰਚੀ ਅਤੇ ਲੜਕੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਫਿਲਹਾਲ ਪੁਲਿਸ ਨੇ ਹੋਟਲ ’ਚ ਲੱਗੇ ਸੀਸੀਟੀਵੀ ਤੇ ਡੀਵੀ ਕਬਜ਼ੇ ’ਚ ਲੈ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।