ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਜ਼ਮਾਨਤ ਮਿਲ ਲਈ ਹੈ। ਫਿਲੌਰ ਅਦਾਲਤ ਨੇ ਹਰਪ੍ਰੀਤ ਸਿੰਘ ਸਮੇਤ ਉਸ ਦੇ ਦੋਸਤ ਲਵਪ੍ਰੀਤ ਸਿੰਘ ਦੀ ਜ਼ਮਾਨਤ ਅਰਜ਼ੀ ਵੀ ਮਨਜੂਰ ਕਰ ਲਈ ਹੈ। ਵੀਰਵਾਰ ਸੁਣਵਾਈ ਦੌਰਾਨ ਅਦਾਲਤ ਨੇ ਜ਼ਮਾਨਤ ਅਰਜ਼ੀ ਮਨਜੂਰ ਕਰਦਿਆਂ ਦੋਵਾਂ ਨੂੰ ਜ਼ਮਾਨਤ ਦੇ ਦਿੱਤੀ।
ਮਾਮਲੇ ‘ਚ ਅੰਮ੍ਰਿਤਪਾਲ ਸਿੰਘ ਦੇ ਭਰਾ ਅਤੇ ਉਸ ਦੇ ਦੋਸਤ ਵੱਲੋਂ ਜ਼ਮਾਨਤ ਲਈ ਫਿਲੌਰ ਦੀ ਸਬ ਡਿਵੀਜ਼ਨਲ ਅਦਾਲਤ ‘ਚ ਅਰਜ਼ੀ ਦਾਖਲ ਕੀਤੀ ਗਈ ਸੀ, ਜਿਸ ‘ਤੇ ਵੀਰਵਾਰ ਸੁਣਵਾਈ ਹੋਈ। ਜ਼ਮਾਨਤ ਅਰਜ਼ੀ ‘ਤੇ ਸਰਕਾਰੀ ਅਤੇ ਮੁਲਜ਼ਮ ਧਿਰ ਵਿਚਾਲੇ ਇੱਕ ਘੰਟੇ ਭਖਵੀਂ ਬਹਿਸ ਹੋਈ। ਹਰਪ੍ਰੀਤ ਅਤੇ ਲਵਪ੍ਰੀਤ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਕਿ ਕਿਸੇ ਵੀ ਤਰੀਕੇ ਨਾਲ ਪੁਲਿਸ ਵੱਲੋਂ ਉਸ ਦੇ ਮੁਵੱਕਲਾਂ ਖਿਲਾਫ਼, ਜੋ ਤੱਥ ਪੇਸ਼ ਕੀਤੇ ਗਏ ਹਨ, ਉਨ੍ਹਾਂ ਦਾ ਕੋਈ ਮੂੰਹ-ਸਿਰ ਨਹੀਂ ਹੈ, ਜਿਸ ਤੋਂ ਬਾਅਦ ਅਦਾਲਤ ਨੇ ਮਾਮਲੇ ‘ਚ ਸੁਣਵਾਈ ਕਰਦਿਆਂ ਜ਼ਮਾਨਤ ਅਰਜੀ ਮਨਜ਼ੂਰ ਕਰ ਲਈ। ਹਾਲਾਂਕਿ, ਹਰਪ੍ਰੀਤ ਸਿੰਘ ਦੇ ਵਕੀਲ ਨੇ ਕਿਹਾ ਕਿ ਜ਼ਮਾਨਤ ਲਈ ਅਦਾਲਤ ਵੱਲੋਂ ਕੁੱਝ ਸ਼ਰਤਾਂ ਵੀ ਰੱਖੀਆਂ ਗਈਆਂ ਹਨ।ਦੱਸ ਦਈਏ ਕਿ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਤੇ ਉਸ ਦੇ ਦੋਸਤ ਲਵਪ੍ਰੀਤ ਸਿੰਘ ਨੂੰ ਫਿਲੌਰ ਪੁਲਿਸ ਨੇ ਨਾਕੇ ਦੌਰਾਨ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਦੱਸਿਆ ਸੀ ਕਿ ਦੋਵਾਂ ਕੋਲੋਂ 4 ਗ੍ਰਾਮ ਆਈਸ ਡਰੱਗ ਬਰਾਮਦ ਹੋਈ ਹੈ। ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਜਲੰਧਰ ਦਿਹਾਤੀ ਪੁਲਿਸ ਨੇ ਫਿਲੌਰ ਨੇੜੇ ਨਾਕੇ ਕੋਲ ਗ੍ਰਿਫ਼ਤਾਰ ਕੀਤਾ ਸੀ।