ਅੱਜਕਲ੍ਹ ਸ਼ਾਇਦ ਹੀ ਕੋਈ ਵਿਅਕਤੀ ਅਜਿਹਾ ਹੋਵੇ ਜੋ ਸਮਾਰਟਫੋਨ ਦੀ ਵਰਤੋਂ ਨਹੀਂ ਕਰਦਾ ਹੈ। ਕਈ ਵਾਰ ਲੋਕ ਜ਼ਰੂਰਤ ਤੋਂ ਜ਼ਿਆਦਾ ਇਸ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੰਦੇ ਹਨ, ਜਿਸ ਦਾ ਅਸਰ ਅੱਖਾਂ ‘ਤੇ ਪੈਂਦਾ ਹੈ। ਇਹ ਲੋੜ ਨਾਲੋਂ ਵੱਧ ਖ਼ਤਰਾ ਬਣ ਗਿਆ ਹੈ। ਕਿਉਂਕਿ ਲੰਬੇ ਸਮੇਂ ਤੱਕ ਮੋਬਾਈਲ ਫੋਨ ਦੀ ਵਰਤੋਂ ਕਰਨ ਨਾਲ ਮਾਇਓਪਿਆ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ‘ਚ ਮਾਹਰ ਮੋਬਾਈਲ ਫੋਨ ਦੀ ਵਰਤੋਂ ਸੀਮਤ ਅਤੇ ਵਾਜਬ ਦੂਰੀ ‘ਤੇ ਕਰਨ ਦੀ ਸਲਾਹ ਦਿੰਦੇ ਹਨ। ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਮੋਬਾਈਲ ਫ਼ੋਨ ਦੀ ਲਗਾਤਾਰ ਵਰਤੋਂ ਅੱਖਾਂ ਲਈ ਖ਼ਤਰਨਾਕ ਕਿਵੇਂ ਹੈ? ਅਤੇ ਮੋਬਾਈਲ ਦੀ ਵਰਤੋਂ ਕਰਦੇ ਸਮੇਂ ਸਾਨੂੰ ਅੱਖਾਂ ਤੋਂ ਕਿੰਨੀ ਦੂਰੀ ‘ਤੇ ਰੱਖਣਾ ਚਾਹੀਦਾ ਹੈ? ਤਾਂ ਆਓ ਜਾਣਦੇ ਹਾਂ ਇਸ ਬਾਰੇ।
ਮਾਹਿਰਾਂ ਮੁਤਾਬਕ ਮੋਬਾਈਲ ਫ਼ੋਨ ਦੀ ਲਗਾਤਾਰ ਵਰਤੋਂ ਅੱਖਾਂ ਲਈ ਹਾਨੀਕਾਰਕ ਹੁੰਦੀ ਹੈ। ਪਰ ਇਨ੍ਹਾਂ ਖ਼ਤਰਿਆਂ ਤੋਂ ਜਾਣੂ ਹੋਣ ਦੇ ਬਾਵਜੂਦ, ਬਹੁਤੇ ਲੋਕ ਆਪਣੇ ਮੋਬਾਈਲ ਫ਼ੋਨ ‘ਤੇ ਬਹੁਤ ਜ਼ਿਆਦਾ ਸਮਾਂ ਬਿਤਾਉਂਦੇ ਰਹਿੰਦੇ ਹਨ। ਉਪਭੋਗਤਾ ਆਪਣੇ ਸਮਾਰਟਫ਼ੋਨ ‘ਤੇ ਗੇਮਿੰਗ ਤੋਂ ਲੈ ਕੇ ਮੂਵੀ ਸਟ੍ਰੀਮਿੰਗ ਤੱਕ ਕਈ ਤਰ੍ਹਾਂ ਦੀਆਂ ਗਤੀਵਿਧੀਆਂ ‘ਚ ਸ਼ਾਮਲ ਹੁੰਦੇ ਹਨ, ਅਤੇ ਇਸ ਪ੍ਰਕਿਰਿਆ ‘ਚ ਅਕਸਰ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰਦੇ ਹਨ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਮੋਬਾਈਲ ਫੋਨਾਂ ਤੋਂ ਨਿਕਲਣ ਵਾਲੀ ਰੋਸ਼ਨੀ ਅੱਖਾਂ ਅਤੇ ਰੈਟੀਨਾ ਲਈ ਖ਼ਤਰਨਾਕ ਹੋ ਸਕਦੀ ਹੈ ਕਿਉਂਕਿ ਇਹ ਕੋਰਨੀਆ ਅਤੇ ਲੈਂਸ ਦੁਆਰਾ ਫਿਲਟਰ ਨਹੀਂ ਹੁੰਦੀ ਹੈ। ਅਜਿਹੇ ‘ਚ ਥਕਾਵਟ, ਖੁਜਲੀ ਅਤੇ ਅੱਖਾਂ ‘ਚ ਖੁਸ਼ਕੀ, ਧੁੰਦਲਾ ਨਜ਼ਰ ਅਤੇ ਸਿਰ ਦਰਦ ਵਰਗੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਜ਼ਿਆਦਾਤਰ ਉਪਭੋਗਤਾ ਆਪਣੇ ਸਮਾਰਟਫੋਨ ਨੂੰ ਲਗਭਗ 8 ਇੰਚ ਦੀ ਦੂਰੀ ‘ਤੇ ਰੱਖਦੇ ਹਨ, ਜੋ ਅੱਖਾਂ ਲਈ ਨੁਕਸਾਨਦੇਹ ਹੁੰਦਾ ਹੈ। ਤੁਸੀਂ ਆਪਣਾ ਮੋਬਾਈਲ ਫ਼ੋਨ ਜਿੰਨਾ ਨੇੜੇ ਰੱਖੋਗੇ, ਇਹ ਤੁਹਾਡੀਆਂ ਅੱਖਾਂ ਨੂੰ ਓਨਾ ਹੀ ਜ਼ਿਆਦਾ ਨੁਕਸਾਨ ਪਹੁੰਚਾਏਗਾ। ਅਜਿਹੇ ‘ਚ ਮੋਬਾਇਲ ਫੋਨ ਨੂੰ ਚਿਹਰੇ ਤੋਂ ਘੱਟੋ-ਘੱਟ 12 ਇੰਚ ਜਾਂ 30 ਸੈਂਟੀਮੀਟਰ ਦੀ ਦੂਰੀ ‘ਤੇ ਰੱਖਣਾ ਚਾਹੀਦਾ ਹੈ।
ਸਮਾਰਟਫੋਨ ਦੀ ਲਗਾਤਾਰ ਵਰਤੋਂ ਕਰਦੇ ਸਮੇਂ ਸਮੇਂ-ਸਮੇਂ ‘ਤੇ ਪਲਕਾਂ ਨੂੰ ਝਪਕਾਉਣਾ ਜ਼ਰੂਰੀ ਹੁੰਦਾ ਹੈ। ਕਿਉਂਕਿ ਸਮੇਂ-ਸਮੇਂ ‘ਤੇ ਪਲਕਾਂ ਨੂੰ ਝਪਕਾਉਣ ਨਾਲ ਅੱਖਾਂ ਨਮ ਰਹਿੰਦੀਆਂ ਹਨ, ਜਿਸ ਨਾਲ ਅੱਖਾਂ ‘ਚ ਖੁਸ਼ਕੀ ਅਤੇ ਜਲਣ ਤੋਂ ਬਚਾਅ ਰਹਿੰਦਾ ਹੈ। ਨਾਲ ਹੀ ਪਲਕਾਂ ਨੂੰ ਝਪਕਾਉਣਾ ਅੱਖਾਂ ਨੂੰ ਮੁੜ ਫੋਕਸ ਕਰਨ ‘ਚ ਵੀ ਮਦਦ ਕਰਦਾ ਹੈ। ਮਾਹਿਰਾਂ ਦੁਆਰਾ 15 ਮਿੰਟਾਂ ‘ਚ ਲਗਭਗ 10-12 ਵਾਰ ਪਲਕਾਂ ਨੂੰ ਝਪਕਣ ਦੀ ਸਲਾਹ ਦਿੱਤੀ ਜਾਂਦੀ ਹੈ।