ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਿੱਖ ਪੰਥ ਨੂੰ ਦਿਲਚਸਪੀ ਲੈ ਕੇ ਵੋਟਾਂ ਬਣਾਉਣ ਦੀ ਪੁਰਜ਼ੋਰ ਅਪੀਲ
ਜਲੰਧਰ, 2 ਅਗਸਤ (EN) ਪੰਥਕ ਧਿਰਾਂ ਦੀ ਬੇਨਤੀ ‘ਤੇ ਵਿਚਾਰ ਕਰਦਿਆਂ ਅਸੀਂ ਸਾਂਝੇ ਤੌਰ ‘ਤੇ ਰਾਏ ਕਰਕੇ 19 ਅਗਸਤ 2024 ਨੂੰ ਇਤਿਹਾਸਕ ਧਰਤੀ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆਂ ਦੇ ਮੌਕੇ ‘ਤੇ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਇੱਕ ਵਿਸ਼ਾਲ ਪੰਥਕ ਇਕੱਤਰਤਾ/ ਕਾਨਫਰੰਸ ਕਰਨ ਦਾ ਫੈਸਲਾ ਕੀਤਾ ਹੈ, ਤਾਂ ਜੋ ਸਿੱਖ ਪੰਥ ਨੂੰ ਦਰਪੇਸ਼ ਮਸਲਿਆਂ ਬਾਰੇ ਵਿਚਾਰ-ਚਰਚਾ ਕੀਤੀਆਂ ਜਾ ਸਕਣ ਅਤੇ ਇੱਕ ਨਿਸ਼ਾਨ ਹੇਠ ਇਕੱਠੇ ਹੋ ਕੇ ਸਿੱਖ ਪੰਥ ਆਪਣੀ ਸ਼ਕਤੀ ਨੂੰ ਬੁਲੰਦ ਕਰ ਸਕੇ ਤੇ ਸਮੇਂ ਦੀਆਂ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਤਸ਼ੱਦਦ ਨੂੰ ਥੰਮ੍ਹ ਸਕੀਏ, ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਤੇ ਸਾਰੇ ਪ੍ਰਮੁੱਖ ਮਸਲਿਆਂ ਉੱਪਰ ਵਿਚਾਰ ਕਰਨ ਤੇ ਅਗਲੇਰੀ ਰਣਨੀਤੀ ਤੈਅ ਕਰਨ ਲਈ ਇਸ ਕਾਨਫਰੰਸ ਦੇ ਵਿੱਚ ਹੁੰਮ ਹੁੰਮਾ ਕੇ ਪੁੱਜੀਏ। ਇਹ ਐਲਾਨ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡਿਬਰੂਗੜ ਜੇਲ੍ਹ ਵਿੱਚੋਂ ਰਿਕਾਰਡ ਬਹੁਮਤ ਨਾਲ ਚੁਣੇ ਗਏ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਜੀ ਬਾਪੂ ਤਰਸੇਮ ਸਿੰਘ ਅਤੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤਾ ਗਿਆ । ਪੰਥਕ ਆਗੂਆਂ ਨੇ ਆਖਿਆ ਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਪ੍ਰੰਤੂ ਕੁਝ ਕਾਰਨਾਂ ਕਰਕੇ ਪਿਛਲੇ 13 ਸਾਲਾਂ ਤੋਂ ਇਸ ਸਿਰਮੌਰ ਸੰਸਥਾ ਦੀਆਂ ਚੋਣਾਂ ਨਹੀਂ ਕਰਵਾਈਆਂ ਗਈਆਂ ਤੇ ਹੁਣ ਮੌਜੂਦਾ ਸਮੇਂ ਵਿੱਚ ਕੇਂਦਰ ਸਰਕਾਰ ਦੇ ਗੁਰਦੁਆਰਾ ਚੋਣ ਕਮਿਸ਼ਨ ਨੇ ਐਸ.ਜੀ.ਪੀ.ਸੀ. ਦੀਆਂ ਵੋਟਾਂ ਬਣਾਉਣ ਦੀ ਪਿਛਲੇ ਕੁਝ ਸਮੇਂ ਤੋਂ ਬਕਾਇਦਾ ਪ੍ਰਕਿਰਿਆ ਆਰੰਭੀ ਹੈ, ਪਰੰਤੂ ਫਿਲਹਾਲ ਸਿੱਖ ਸੰਗਤਾਂ ਵਿੱਚ ਇਨ੍ਹਾਂ ਵੋਟਾਂ ਬਣਾਉਣ ਸਬੰਧੀ ਬਹੁਤ ਘੱਟ ਉਤਸ਼ਾਹ ਵੇਖਿਆ ਗਿਆ ਹੈ, ਜੋ ਕਿ ਬੇਹਦ ਚਿੰਤਾ ਵਾਲੀ ਗੱਲ ਹੈ ਸਿੱਖ ਆਗੂਆਂ ਨੇ ਇਸ ਮੌਕੇ ‘ਤੇ ਦੱਸਿਆ ਕਿ ਜੇਕਰ ਪਿਛਲੇ ਅੰਕੜਿਆਂ ਵੱਲ ਵੇਖਿਆ ਜਾਵੇ ਤਾਂ 2011 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾਂ ਦੌਰਾਨ ਕਰੀਬ 52 ਲੱਖ ਵੋਟਾਂ ਸਨ,ਜਦ ਕਿ ਇਸ ਵਾਰ 25 ਜੁਲਾਈ 2024 ਤੱਕ ਤਕਰੀਬਨ 27.87 ਲੱਖ ਵੋਟਾਂ ਹੀ ਬਣੀਆਂ ਗਈਆਂ ਦੱਸੀਆਂ ਜਾ ਰਹੀਆਂ ਹਨ, ਭਾਵ ਕਿ ਪਿਛਲੀ ਵਾਰ ਨਾਲੋਂ 50% ਵੋਟਾਂ ਘੱਟ ਬਣੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਜਿਸ ਦੀਆਂ ਬਹੁਤ ਸਾਰੀਆਂ ਜਿੰਮੇਵਾਰੀਆਂ ਗੁਰੂ ਖਾਲਸਾ ਤੇ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਅਤੇ ਸਿੱਖ ਗੁਰਧਾਮਾਂ ਤੇ ਵਿੱਦਿਅਕ ਤੇ ਸਿਹਤ ਨਾਲ ਸੰਬੰਧਤ ਅਦਾਰਿਆਂ ਵਗੈਰਾ ਦਾ ਯੋਗ ਪ੍ਰਬੰਧ ਕਰਨਾ ਹੁੰਦਾ ਹੈ,ਪਰ ਪਿਛਲੇ ਕੁਝ ਸਮੇਂ ਤੋਂ ਇਸ ਦੇ ਪ੍ਰਬੰਧਕੀ ਢਾਂਚੇ ਵਿੱਚ ਬਹੁਤ ਹੀ ਜ਼ਿਆਦਾ ਨਿਗਾਰ ਵੇਖਿਆ ਗਿਆ ਹੈ,ਜਿਸ ਦਾ ਮੁੱਖ ਕਾਰਨ ਕਾਨੂੰਨ ਮੁਤਾਬਿਕ ਮਿਥੇ ਸਮੇਂ ਵਿੱਚ ਚੋਣਾਂ ਨਾ ਹੋਣਾ ਵੀ ਪ੍ਰਮੁੱਖ ਤੌਰ ‘ਤੇ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਗੁਰਦੁਆਰਾ ਚੋਣ ਕਮਿਸ਼ਨ ਮਾਨਯੋਗ ਜਸਟਿਸ ਐਸ.ਐਸ. ਸਾਰੋਂ ਨੇ ਇਸ ਦੀਆਂ ਵੋਟਾਂ ਦੀ ਪ੍ਰਕਿਰਿਆ ਆਰੰਭੀ ਹੈ, ਲੇਕਿਨ ਬਹੁਤਾਤ ਸੰਗਤਾਂ ਦੀਆਂ ਵੋਟਾਂ ਅਜੇ ਤੱਕ ਨਹੀਂ ਬਣ ਸਕੀਆਂ ਤਾਂ ਇਸ ਗੱਲ ਨੂੰ ਮੁੱਖ ਧਿਆਨ ਵਿੱਚ ਰੱਖਦੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਫਰੀਦਕੋਟ ਦੀ ਤਰਫੋਂ ਇੱਕ ਸਾਂਝੇ ਉੱਚ ਪੱਧਰੀ ਵਫ਼ਦ ਵੱਲੋਂ ਸਰਦਾਰ ਪਰਮਜੀਤ ਸਿੰਘ ਜੌਹਲ ਦੀ ਅਗਵਾਈ ਦੇ ਵਿੱਚ ਬੀਤੀ 30 ਜੁਲਾਈ ਨੂੰ ਚੰਡੀਗੜ੍ਹ ਵਿਖੇ ਚੋਣ ਕਮਿਸ਼ਨ ਗੁਰਦੁਆਰਾ ਚੋਣਾਂ ਤੱਕ ਪਹੁੰਚ ਕਰ ਕੇ ਉਨ੍ਹਾਂ ਨੂੰ ਵੋਟਾਂ ਬਣਾਉਣ ਦੀ ਮਿਤੀ ਜੋ ਕਿ 31 ਜੁਲਾਈ ਆਖ਼ਰੀ ਤੈਅ ਕੀਤੀ ਗਈ ਸੀ, ਨੂੰ ਹੋਰ ਅੱਗੇ ਵਧਾਉਣ ਦੀ ਬੇਨਤੀ ਕੀਤੀ ਗਈ, ਜਿਸ ਨੂੰ ਮਾਨਯੋਗ ਸਾਰੋਂ ਸਾਹਿਬ ਵੱਲੋਂ ਮੰਨਦਿਆਂ ਹੋਇਆਂ ਵੋਟਾਂ ਬਣਾਉਣ ਦੀ ਹੁਣ ਆਖਰੀ ਮਿਤੀ 16 ਸਤੰਬਰ 2024 ਤੱਕ ਕਰ ਦਿੱਤੀ ਗਈ ਹੈ, ਜਿਸ ਲਈ ਉਹ ਸਿੱਖ ਪੰਥ ਵੱਲੋਂ ਸਰਦਾਰ ਐਸ.ਐਸ. ਸਾਰੋਂ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਤੇ ਨਾਲ ਹੀ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਨ ਕਿ ਜੋ ਵੀ ਸਿੱਖ ਅਜੇ ਤੱਕ ਆਪਣੀਆਂ ਵੋਟਾਂ ਨਹੀਂ ਬਣਵਾ ਸਕੇ, ਉਹ ਹੁਣ ਯਤਨ ਕਰਨ ਤੇ ਇਸ ਡੇਢ ਮਹੀਨੇ ਦੇ ਸਮੇਂ ਦਾ ਫਾਇਦਾ ਲੈਂਦੇ ਹੋਏ ਆਪਣੀਆਂ ਵੱਡੇ ਪੱਧਰ ‘ਤੇ ਵੋਟਾਂ ਬਣਵਾਉਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਹੁੰਦੀਆਂ ਹਨ ਤਾਂ ਅਸੀਂ ਆਪਣੇ ਹੱਕ ਦਾ ਇਸਤੇਮਾਲ ਕਰੋ ਪੰਥ ਪ੍ਰਸਤ, ਚੜ੍ਹਦੀ ਕਲਾ ਵਾਲੇ ਤੇ ਯੋਗ ਪ੍ਰਬੰਧਕਾਂ ਦੀ ਚੋਣ ਆਪਣੀ ਮੱਤ ਮੁਤਾਬਿਕ ਕਰ ਸਕੀਏ। ਉਨ੍ਹਾਂ ਨਾਲ ਹੀ ਕਿਹਾ ਕਿ ਅਸੀਂ ਸਾਰੇ ਜਿਲ੍ਹਿਆਂ ਦੇ ਡੀਸੀ ਸਾਹਿਬਾਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਿਰਿਆ ਨਾਲ ਸੰਬੰਧਿਤ ਜ਼ਿੰਮੇਵਾਰ ਅਧਿਕਾਰੀਆਂ ਨੂੰ ਹਦਾਇਤਾਂ ਕਰਨ ਕਿ ਘਰ-ਘਰ ਜਾ ਕੇ ਤੈਅ ਕੀਤੇ ਸਮੇਂ ਅੰਦਰ ਵੱਧ ਤੋਂ ਵੱਧ ਵੋਟਾਂ ਬਣਾਈਆਂ ਜਾ ਸਕਣ ਅਤੇ ਬੀ.ਐਲ.ਓਜ਼ ਦੀ ਵੀ ਇਸ ਸਬੰਧ ਦੇ ਵਿੱਚ ਡਿਊਟੀ ਲਗਾਈ ਜਾਵੇ । ਉਨ੍ਹਾਂ ਇਹ ਵੀ ਦੱਸਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੱਲੋਂ ਵੀ ਸੰਗਤਾਂ ਨੂੰ ਇਹ ਸੰਦੇਸ਼ ਭੇਜਿਆ ਗਿਆ ਹੈ ਕਿ ਸਾਰੀ ਸੰਗਤ ਸੁਚੇਤ ਹੋਕਰ ਆਪਣੀ ਅਹਿਮ ਜ਼ਿੰਮੇਵਾਰੀ ਸਮਝ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਈਆਂ ਜਾਣ ਤਾਂ ਜੋ ਸਿੱਖ ਪੰਥ ਦੇ ਪ੍ਰਬੰਧਕੀ ਢਾਂਚੇ ਨੂੰ ਸੁਧਾਰਿਆ ਜਾ ਸਕੇ ।ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੱਧ ਤੋਂ ਵੱਧ ਸਿੱਖਿਆ ਦਈਏ, ਬੇਰੁਜ਼ਗਾਰੀ ਦੂਰ ਕਰੀਏ ਤੇ ਸਾਰਿਆਂ ਨੂੰ ਗੁਰਮਤਿ ਨਾਲ ਜੋੜ ਕੇ ਨੌਜਵਾਨਾਂ ਦੇ ਮੁੱਖ ਸ੍ਰੀ ਅਨੰਦਪੁਰ ਸਾਹਿਬ ਵੱਲ ਲੈ ਚੱਲੀਏ ਤਾਂ ਜੋ ਉਹ ਸਮਾਜਿਕ ਕੁਰੀਤੀਆਂ ਤੋਂ ਬਚੇ ਰਹਿ ਸਕਣ। ਇਸੇ ਦੌਰਾਨ ਪੰਥਕ ਆਗੂਆਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਜੇਲ੍ਹ ਅੰਦਰ ਬੈਠੇ ਹੀ ਵੱਡੇ ਮਾਰਜਨ ਦੇ ਨਾਲ ਜਿਤਾ ਕੇ ਲੋਕ ਸਭਾ ਮੈਂਬਰ ਬਣਵਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਤੇ ਉਨ੍ਹਾਂ ਸਮੇਤ ਸਮੂਹ ਸਿੰਘਾਂ ਜਿਨ੍ਹਾਂ ਉੱਤੇ ਪੰਜਾਬ ਤੇ ਕੇਂਦਰ ਸਰਕਾਰ ਦੀ ਮਿਲੀਭੁਗਤ ਦੇ ਨਾਲ ਐਨ.ਐਸ.ਏ. ਲਗਾਈ ਗਈ ਹੈ, ਨੂੰ ਤੁਰੰਤ ਵਾਪਸ ਲੈ ਕੇ ਰਿਹਾਈ ਕਰਨ ਦੀ ਪੁਰਜ਼ੋਰ ਮੰਗ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਹੁਣ ਕਰੀਬ 18 ਲੱਖ ਤੋਂ ਵੱਧ ਲੋਕਾਂ ਦੀ ਨੁਮਾਇੰਦਗੀ ਕਰ ਰਹੇ ਹਨ ਤੇ ਉਹਨਾਂ ਨੂੰ ਕੈਦ ਕਰਕੇ ਰੱਖਣਾ ਸੰਵਿਧਾਨਿਕ ਹੱਕਾਂ ਉੱਤੇ ਡਾਕਾ ਮਾਰਨਾ ਤੇ ਬੇਹੱਦ ਨਿੰਦਣਯੋਗ ਹੈ ਤੇ ਉਨ੍ਹਾਂ ਨੂੰ ਲੋਕਾਂ ਦੇ ਫਤਵੇ ਅੱਗੇ ਸਿਰ ਝੁਕਾਉਂਦਿਆਂ ਬਿਨਾਂ ਕਿਸੇ ਹੋਰ ਦੇਰੀ ਦੇ ਰਿਹਾਅ ਕਰਨਾ ਚਾਹੀਦਾ ਹੈ ਤਾਂ ਜੋ ਉਹ ਲੋਕ ਸਭਾ ਦੇ ਵਿੱਚ ਸਿੱਖ ਪੰਥ ਅਤੇ ਆਪਣੇ ਹਲਕੇ ਦੇ ਲੋਕਾਂ ਦੀ ਆਵਾਜ਼ ਨੂੰ ਚੁੱਕ ਸਕਣ। ਉਨ੍ਹਾਂ ਕਿਹਾ ਕਿ ਐਨ.ਐਸ.ਏ. ਨੂੰ ਵਧਾ ਕੇ ਲੋਕਾਂ ਦੀ ਆਵਾਜ਼ ਬਣਨ ਤੋਂ ਭਾਈ ਖਾਲਸਾ ਨੂੰ ਰੋਕਿਆ ਜਾ ਰਿਹਾ ਹੈ, ਜਿਸ ਵਿੱਚ ਸਰਕਾਰਾਂ ਕਦੇ ਵੀ ਕਾਮਯਾਬ ਨਹੀਂ ਹੋ ਸਕਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿਸ ਤਰ੍ਹਾਂ ਨਸ਼ਾ ਵਧ ਰਿਹਾ,ਬੇਰੁਜ਼ਗਾਰੀ ਪੰਜਾਬ ਦੀ ਨੌਜਵਾਨ ਪੀੜੀ ਨੂੰ ਪਤਿਤਪੁਣੇ ਵੱਲ ਅਤੇ ਪ੍ਰਵਾਸ ਵੱਲ ਧੱਕ ਰਹੀ ਹੈ, ਜਿਸ ਦੇ ਨਤੀਜੇ ਚਿੰਤਾਜਨਕ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ ਤੇ ਦਿਨ-ਬ-ਦਿਨ ਲਾਅ ਐਂਡ ਆਰਡਰ ਦੀ ਸਥਿਤੀ ਵੀ ਬਹੁਤ ਵਿਗੜਦੀ ਦਿਖਾਈ ਦੇ ਰਹੀ ਹੈ, ਜਿਸ ਪ੍ਰਤੀ ਪੰਜਾਬ ਸਰਕਾਰ ਨੂੰ ਆਪਣੀ ਜ਼ਿਮੇਵਾਰੀ ਸਮਝਣੀ ਚਾਹੀਦੀ ਹੈ।
ਉਨ੍ਹਾਂ ਆਖਿਰ ਵਿੱਚ ਸਰਕਾਰਾਂ ਵੱਲੋਂ ਕਾਨੂੰਨੀ ਤੌਰ ‘ਤੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਸਿੱਖ ਜਵਾਨੀ ਨੂੰ ਰਿਹਾਅ ਤਾਂ ਕੀ ਕਰਨਾ ਹੈ, ਉਲਟਾ ਅੰਮ੍ਰਿਤ ਛਕਾ ਕੇ ਪਤਿਤਪੁਣੇ ਤੋਂ ਦੂਰ ਕਰਨ ਵਾਲੇ ਪੰਥਕ ਬਿਰਤੀ ਵਾਲੇ ਨੌਜਵਾਨਾਂ ‘ਤੇ ਐਨ.ਐਸ.ਏ. ਤੇ ਯੋਆਪਾ ਵਰਗੀਆਂ ਗੰਭੀਰ
ਧਰਾਵਾਂ ਲਗਾ ਕੇ ਜੇਲਾਂ ਵਿੱਚ ਡੱਕਿਆ ਜਾ ਰਿਹਾ ਹੈ, ਜੋ ਕਿ ਬੇਹੱਦ ਦੁਖਦਾਈ ਤੇ ਚਿੰਤਾਜਨਕ ਗੱਲ ਹੈ । ਇਸ ਮੌਕੇ ਉੱਤੇ ਹੋਰਨਾਂ ਤੋਂ ਇਲਾਵਾ ਪੰਥਕ ਆਗੂ ਸਰਦਾਰ ਗੁਰਸੇਵਕ ਸਿੰਘ ਜਵਾਹਰਕੇ, ਸੁਖਚੈਨ ਸਿੰਘ, ਪ੍ਰਗਟ ਸਿੰਘ ਜੱਲੂਪੁਰ ਖੈੜਾ, ਪਰਮਜੀਤ ਸਿੰਘ ਜੌਹਲ, ਚਰਨਦੀਪ ਸਿੰਘ ਭਿੰਡਰ, ਹਰਪ੍ਰੀਤ ਸਿੰਘ ਰੱਤਾ, ਸਤਵਿੰਦਰ ਸਿੰਘ ਜੌਹਲ ਤੇ ਪ੍ਰੇਮ ਸਿੰਘ ਆਦਿ ਹਾਜ਼ਰ ਸਨ।